PM ਮੋਦੀ ਨੇ ਬ੍ਰਿਟੇਨ ਦੀਆਂ ਆਮ ਚੋਣਾਂ ''ਚ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ''ਤੇ ਸਟਾਰਮਰ ਨੂੰ ਦਿੱਤੀ ਵਧਾਈ
Friday, Jul 05, 2024 - 04:21 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟੇਨ ਦੀਆਂ ਆਮ ਚੋਣਾਂ 'ਚ ਜਿੱਤ ਲਈ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੂੰ ਵਧਾਈ ਦਿੱਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਹੀ ਵਿਕਾਸ ਅਤੇ ਖੁਸ਼ਹਾਲੀ ਨੂੰ ਉਤਸ਼ਾਹ ਦੇਣ ਲਈ ਸਕਾਰਾਤਮਕ ਅਤੇ ਰਚਨਾਤਮਕ ਸਹਿਯੋਗੀ ਦੀ ਉਮੀਦ ਜਤਾਈ। ਮੋਦੀ ਨੇ ਇਸ ਦੇ ਨਾਲ ਹੀ ਰਿਸ਼ੀ ਸੁਨਕ ਦੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਆਪਣੇ ਕਾਰਜਕਾਲ ਦੌਰਾਨ ਭਾਰਤ ਅਤੇ ਬ੍ਰਿਟੇਨ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ 'ਚ ਉਨ੍ਹਾਂ ਦੇ ਯੋਗਦਾਨ ਦੇ ਪ੍ਰਤੀ ਧੰਨਵਾਦ ਕੀਤਾ। ਬ੍ਰਿਟੇਨ 'ਚ ਚਾਰ ਜੁਲਾਈ ਨੂੰ ਹੋਈਆਂ ਆਮ ਚੋਣਾਂ 'ਚ ਲੇਬਰ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ। ਕੰਜ਼ਰਵੇਟਿਵ ਪਾਰਟੀ ਨੂੰ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਧਿਕਾਰਤ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਲੇਬਰ ਪਾਰਟੀ ਅਗਲੀ ਸਰਕਾਰ ਬਣਾਏਗੀ ਅਤੇ ਸਟਾਰਮਰ ਨਵੇਂ ਪ੍ਰਧਾਨ ਮੰਤਰੀ ਹੋਣਗੇ।
ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਬ੍ਰਿਟੇਨ ਦੀਆਂ ਆਮ ਚੋਣਾਂ 'ਚ ਜ਼ਿਕਰਯੋਗ ਜਿੱਤ 'ਤੇ ਕੀਰ ਸਟਾਰਮਰ ਨੂੰ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ। ਮੈਂ ਸਾਰੇ ਖੇਤਰਾਂ 'ਚ ਭਾਰਤ-ਬ੍ਰਿਟੇਨ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ, ਵਿਕਾਸ ਅਤੇ ਖੁਸ਼ਹਾਲੀ ਨੂੰ ਉਤਸ਼ਾਹ ਦੇਣ ਲਈ ਸਕਾਰਾਤਮਕ ਅਤੇ ਰਚਨਾਤਮਕ ਸਹਿਯੋਗ ਦੀ ਉਮੀਦ ਕਰਦਾ ਹਾਂ।'' ਸੁਨਕ ਨੇ ਹਾਰ ਸਵੀਕਾਰ ਕਰਦੇ ਹੋਏ ਸਟਾਰਮਰ ਨੂੰ ਵਧਾਈ ਦਿੱਤੀ ਹੈ। ਸਟਾਰਮਰ ਅਧਿਕਾਰਤ ਰੂਪ ਨਾਲ ਅੱਜ ਪ੍ਰਧਾਨ ਮੰਤਰੀ ਅਹੁਦਾ ਗ੍ਰਹਿਣ ਕਰਨਗੇ। ਉਨ੍ਹਾਂ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ ਹਾਊਸ ਆਫ਼ ਕਾਮਨਸ 'ਚ ਕਰੀਬ 160 ਸੀਟ ਨਾਲ ਬਹੁਮਤ ਮਿਲਣ ਦਾ ਅਨੁਮਾਨ ਹੈ। ਪੀ.ਐੱਮ. ਮੋਦੀ ਨੇ 'ਐਕਸ' 'ਤੇ ਇਕ ਹੋਰ ਪੋਸਟ 'ਚ ਕਿਹਾ,''ਬ੍ਰਿਟੇਨ ਨੂੰ ਸ਼ਲਾਘਾਯੋਗ ਅਗਵਾਈ ਦੇਣ ਅਤੇ ਆਪਣੇ ਕਾਰਜਕਾਲ ਦੌਰਾਨ ਭਾਰਤ ਅਤੇ ਬ੍ਰਿਟੇਨ ਵਿਚਾਲੇ ਸੰਬੰਧਾਂ ਨੂੰ ਮਜ਼ਬੂਤ ਕਰਨ 'ਚ ਤੁਹਾਡੇ ਸਰਗਰਮ ਯੋਗਦਾਨ ਲਈ ਧੰਨਵਾਦ ਰਿਸ਼ੀ ਸੁਨਕ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ।'' ਬ੍ਰਿਟੇਨ 'ਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਸੁਨਕ ਨੇ ਉੱਤਰੀ ਇੰਗਲੈਂਡ 'ਚ ਰਿਚਮੰਡ ਅਤੇ ਨਾਰਥਲੇਰਟਨ ਸੀਟ 'ਤੇ 23,059 ਵੋਟ ਦੇ ਅੰਤਰ ਨਾਲ ਦੁਬਾਰਾ ਜਿੱਤ ਹਾਸਲ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e