ਲੂਲੂ ਗਰੁੱਪ ਸੂਬੇ ''ਚ ਕਾਰੋਬਾਰ ਵਧਾਉਣ ਲਈ ਇੱਛੁਕ, 1200 ਕਰੋੜ ਰੁਪਏ ਦਾ ਹੋਵੇਗਾ ਨਿਵੇਸ਼
Monday, Sep 19, 2022 - 08:55 PM (IST)
ਲੁਧਿਆਣਾ : ਪ੍ਰਚੂਨ ਕਾਰੋਬਾਰ ਦੇ ਖੇਤਰ 'ਚ ਯੂ.ਏ.ਈ ਸਥਿਤ ਲੂਲੂ ਗਰੁੱਪ ਪੰਜਾਬ 'ਚ ਆਪਣਾ ਨਿਵੇਸ਼ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਗਰੁੱਪ ਵੱਲੋਂ ਡੇਰਾਬੱਸੀ ਵਿਖੇ ਮੀਟ ਪ੍ਰੋਸੈਸਿੰਗ ਪਲਾਂਟ 'ਚ ਪਹਿਲਾਂ ਹੀ ਨਿਵੇਸ਼ ਕੀਤਾ ਗਿਆ ਹੈ ਅਤੇ ਪੰਜਾਬ 'ਚ ਐਗਰੋ ਵੈਲਿਊ ਚੇਨ ਅਤੇ ਮੈਗਾ ਮਾਲਜ਼ 'ਚ ਨਿਵੇਸ਼ ਕਰਨ ਦੀ ਸੰਭਾਵਨਾ ਹੈ। ਇਸ ਨਾਲ ਸੂਬੇ ਵਿੱਚ ਕੁੱਲ 1200 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਹਾਲ ਹੀ 'ਚ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਦਿੱਲੀ 'ਚ ਲੁਲੂ ਗਰੁੱਪ ਦੇ ਚੇਅਰਮੈਨ ਯੂਸਫ ਅਲੀ ਨਾਲ ਮੁਲਾਕਾਤ ਕੀਤੀ ਅਤੇ ਗਰੁੱਪ ਨੂੰ ਸੂਬੇ 'ਚ ਨਿਵੇਸ਼ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ : RBI ਕਰਜ਼ੇ ਦੀ ਪੇਸ਼ਕਸ਼ ਕਰਨ ਵਾਲੀਆਂ ਕਾਨੂੰਨੀ ਐਪਾਂ ਦੀ ਸੂਚੀ ਤਿਆਰ ਕਰ ਕੇ ਸਾਂਝਾ ਕਰੇ : ਮੁੱਖ ਸਕੱਤਰ
ਮੀਟਿੰਗ ਦੀ ਪੁਸ਼ਟੀ ਕਰਦਿਆਂ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਯੂਸਫ ਅਲੀ ਨਾਲ ਹੋਈ ਉਨ੍ਹਾਂ ਦੀ ਮੀਟਿੰਗ ਵਿੱਚ ਸਕਾਰਾਤਮਕ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਇੱਥੇ ਐਗਰੋ ਉਤਪਾਦ ਦੇ ਪ੍ਰੀਜ਼ਰਵੇਸ਼ਨ, ਸਟੋਰੇਜ ਅਤੇ ਪ੍ਰੋਸੈਸਿੰਗ 'ਤੇ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਲੂਲੂ ਗਰੁੱਪ ਵੱਖ-ਵੱਖ ਫਲਾਂ ਅਤੇ ਸਬਜ਼ੀਆਂ ਖਾਸ ਕਰਕੇ ਕਿੰਨੂ, ਮਿੱਠਾ ਸੰਤਰਾ, ਨਿੰਬੂ, ਲੀਚੀ, ਅਮਰੂਦ, ਨਾਸ਼ਪਾਤੀ ਅਤੇ ਆੜੂ ਦੀ ਸਟੋਰੇਜ, ਗਰੇਡਿੰਗ ਅਤੇ ਪੈਕੇਜਿੰਗ ਦਾ ਕੰਮ ਕਰੇਗਾ, ਜਿਸ ਲਈ ਪੰਜਾਬ 'ਚ ਮੁਹਾਲੀ ਨੇੜੇ ਜ਼ਮੀਨ ਖਰੀਦੀ ਜਾ ਰਹੀ ਹੈ।
ਇਹ ਪੂਰਾ ਪ੍ਰੋਜੈਕਟ 25 ਏਕੜ ਰਕਬੇ 'ਚ ਫੈਲਿਆ ਹੋਵੇਗਾ, ਜਿਸ 'ਚੋਂ 10 ਏਕੜ ਜ਼ਮੀਨ ਪਹਿਲਾਂ ਹੀ ਐਕਵਾਇਰ ਕੀਤੀ ਜਾ ਚੁੱਕੀ ਹੈ ਅਤੇ ਬਾਕੀ 15 ਏਕੜ ਜ਼ਮੀਨ ’ਤੇ ਕੰਮ ਚੱਲ ਰਿਹਾ ਹੈ। ਇਸ ਲਈ ਕੁੱਲ ਨਿਵੇਸ਼ 200 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ ਅਤੇ ਸਾਲ ਦੇ ਅੰਤ ਤੱਕ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਜਰਮਨੀ ਤੋਂ ਪਰਤਣ ’ਚ ਹੋਈ ਦੇਰੀ ਨੂੰ ਲੈ ਕੇ CM ਮਾਨ ’ਤੇ ਲਾਏ ਇਲਜ਼ਾਮਾਂ ਦਾ ‘ਆਪ’ ਨੇ ਦਿੱਤਾ ਜਵਾਬ
ਗਰੁੱਪ ਵੱਲੋਂ ਇੱਕ ਮੈਗਾ ਕੋਲਡ ਚੇਨ ਸਹੂਲਤ ਵੀ ਵਿਕਸਤ ਕੀਤੀ ਜਾਵੇਗੀ। ਪ੍ਰੋਸੈਸਡ ਫਲਾਂ ਅਤੇ ਸਬਜ਼ੀਆਂ ਨੂੰ ਦੇਸ਼ 'ਚ ਸਮੂਹ ਦੀਆਂ 235 ਹਾਈਪਰ ਮਾਰਕੀਟਾਂ ਅਤੇ 22 ਸ਼ਾਪਿੰਗ ਮਾਲਾਂ 'ਚ ਪ੍ਰਚੂਨ 'ਚ ਵੇਚਿਆ ਜਾਵੇਗਾ। ਗਰੁੱਪ ਮੋਹਾਲੀ ਵਿੱਚ 1000 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਹੋਟਲ ਅਤੇ ਕਨਵੈਨਸ਼ਨ ਸੈਂਟਰ ਸਮੇਤ ਇੱਕ ਮੈਗਾ ਸ਼ਾਪਿੰਗ ਮਾਲ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਪ੍ਰਸਤਾਵਿਤ ਪ੍ਰਾਜੈਕਟ 10,000 ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ।