ਇਹ ਕਿਹੋ ਜਿਹਾ ਟ੍ਰਾਂਸਪਲਾਂਟ-ਇਕ ਦੀ ਜਾਨ ਬਚਾਉਣ ਲਈ ਦੂਜੇ ਨੂੰ ਇੱਛਾ ਮੌਤ

Monday, Oct 06, 2025 - 11:32 AM (IST)

ਇਹ ਕਿਹੋ ਜਿਹਾ ਟ੍ਰਾਂਸਪਲਾਂਟ-ਇਕ ਦੀ ਜਾਨ ਬਚਾਉਣ ਲਈ ਦੂਜੇ ਨੂੰ ਇੱਛਾ ਮੌਤ

ਨਵੀਂ ਦਿੱਲੀ- ਕੈਨੇਡਾ ਦੇ ਡਾਕਟਰ ਹਾਲ ਹੀ ’ਚ ਇਕ ਸਫਲ ਹਾਰਟ ਟ੍ਰਾਂਸਪਲਾਂਟ ਆਪ੍ਰੇਸ਼ਨ ਕਰ ਕੇ ਵਿਵਾਦਾਂ ’ਚ ਘਿਰ ਗਏ ਹਨ। ਦਰਅਸਲ ਉਨ੍ਹਾਂ ਨੇ ਇਕ ਵਿਅਕਤੀ ਨੂੰ ਇੱਛਾ ਮੌਤ ਦੇ ਕੇ ਉਸ ਦਾ ਦਿਲ ਕੱਢਿਆ ਅਤੇ ਦੂਜੇ ਵਿਅਕਤੀ ’ਚ ਟ੍ਰਾਂਸਪਲਾਂਟ ਕਰ ਦਿੱਤਾ। ਕੈਨੇਡਾ ’ਚ ਕੀਤਾ ਗਿਆ ਇਹ ਕਾਰਨਾਮਾ ਹੁਣ ਦੁਨੀਆ ਭਰ ’ਚ ਸੁਰਖੀਆਂ ’ਚ ਹੈ ਅਤੇ ਇਸ ਘਟਨਾਕ੍ਰਮ ਨੇ ਬੁੱਧੀਜੀਵੀਆਂ ’ਚ ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਉਹ ਇਸ ਨੂੰ ਅਣਮਨੁੱਖੀ ਕਹਿ ਰਹੇ ਹਨ। ਇਸ ਘਟਨਾ ਵਿਚ ਡਾਕਟਰੀ ਸਹਾਇਤਾ ਨਾਲ ਐਮੀਲੋਟ੍ਰਾਫਿਕ ਲੈਟਰਲ ਸਕਲੇਰੋਸਿਸ (ਏ. ਐੱਲ. ਐੱਸ.) ਦੇ 38 ਸਾਲਾ ਮਰੀਜ਼ ਨੂੰ ਪਹਿਲਾਂ ਇੱਛਾ ਮੌਤ ਦਿੱਤੀ ਗਈ, ਫਿਰ ਉਸ ਦੀ ਲਾਸ਼ ’ਚੋਂ ਦਿਲ ਕੱਢ ਕੇ ‘ਮੁੜ ਸੁਰਜੀਤ’ ਕੀਤਾ ਅਤੇ ਅਮਰੀਕਾ ਲਿਜਾ ਕੇ ਦੂਜੇ ਵਿਅਕਤੀ ’ਚ ਟ੍ਰਾਂਸਪਲਾਂਟ ਕੀਤਾ ਗਿਆ।

ਮੌਤ ਅਤੇ ਅੰਗ ਦਾਨ ਵਿਚਾਲੇ ਇਕ ਨਵਾਂ ਸਬੰਧ

ਮਾਮਲੇ ਤੋਂ ਜਾਣੂ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਇੱਛਾ ਮੌਤ ਤੋਂ ਬਾਅਦ ਅੰਗ ਦਾਨ ਦੀ ਇਹ ਘਟਨਾ ਕੈਨੇਡਾ ਲਈ ਇਕ ਵੱਡੀ ਪ੍ਰਾਪਤੀ ਹੋ ਸਕਦੀ ਹੈ ਪਰ ਇਹ ਮਨੁੱਖੀ ਕਦਰਾਂ-ਕੀਮਤਾਂ ਦੇ ਵਿਰੁੱਧ ਹੈ। ਰਿਪੋਰਟ ਦੇ ਅਨੁਸਾਰ 2021 ਤੱਕ ਵਿਸ਼ਵ ਪੱਧਰ ’ਤੇ 286 ਅਜਿਹੇ ਅੰਗ ਦਾਨ ਦੇ ਮਾਮਲਿਆਂ ’ਚੋਂ 136 ਕੈਨੇਡਾ ਵਿਚ ਦਰਜ ਕੀਤੇ ਗਏ ਹਨ। 2024 ਵਿਚ ਕੈਨੇਡਾ ’ਚ ਸਾਰੇ ਅੰਗ ਟ੍ਰਾਂਸਪਲਾਂਟ ਦਾ 5 ਫੀਸਦੀ ਮੈਡੀਕਲ ਅਸਿਸਟੈਂਸ ਇਨ ਡਾਈਂਗ (ਮੇਡ) ਤੋਂ ਆਇਆ ਸੀ। ਇਸ ਦਾ ਮਤਲਬ ਹੈ ਕਿ ਕੈਨੇਡਾ ਨੇ ਹੁਣ ਮੌਤ ਅਤੇ ਅੰਗ ਦਾਨ ਵਿਚਾਲੇ ਇਕ ਨਵਾਂ ਵਿਵਾਦਪੂਰਨ ਸਬੰਧ ਸਥਾਪਤ ਕੀਤਾ ਹੈ।

50 ਸਾਲਾ ਦਿਲ ਦੇ ਮਰੀਜ਼ ਨੂੰ ਸੀ ਲੋੜ

ਕੈਨੇਡਾ ਦੇ ਓਂਟਾਰੀਓ ਸੂਬੇ ਦੇ 38 ਸਾਲਾ ਵਿਅਕਤੀ ਏ.ਐੱਲ.ਐੱਸ. ਨਾਮਕ ਗੰਭੀਰ ਬਿਮਾਰੀ ਤੋਂ ਪੀੜਤ ਸੀ। ਉਸ ਨੇ ਟੋਰਾਂਟੋ ਜਨਰਲ ਹਸਪਤਾਲ ਵਿਚ ‘ਮੇਡ’ ਪ੍ਰਕਿਰਿਆ ਰਾਹੀਂ ਸਵੈ ਇੱਛਾ ਨਾਲ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਕੀਤਾ। ਉਸ ਦੀ ਮੌਤ ਤੋਂ ਤੁਰੰਤ ਬਾਅਦ ਉਸ ਦੇ ਦਿਲ ਨੂੰ ਏਅਰਲਿਫਟ ਕਰ ਕੇ ਅਮਰੀਕਾ ਦੇ ਪੀਟਰਸਬਰਗ ਭੇਜਿਆ ਗਿਆ, ਜਿੱਥੇ ਇਸ ਨੂੰ ਯੂਨੀਵਰਸਿਟੀ ਆਫ਼ ਪੀਟਰਸਬਰਗ ਮੈਡੀਕਲ ਸੈਂਟਰ ਵਿਚ ਇਕ 50 ਸਾਲਾ ਦਿਲ ਦੇ ਮਰੀਜ਼ ’ਚ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਗਿਆ।

ਕੈਨੇਡਾ ਅੱਜ ਦੁਨੀਆ ’ਚ ‘ਮੇਡ’ ਤੋਂ ਬਾਅਦ ਅੰਗ ਦਾਨ ਕਰਨ ਵਾਲੇ ਦੇਸ਼ਾਂ ’ਚ ਮੋਹਰੀ ਬਣ ਗਿਆ ਹੈ। ਸਿਰਫ਼ 2023 ’ਚ ਹੀ 13,000 ਤੋਂ ਵੱਧ ‘ਮੇਡ’ ਦੇ ਮਾਮਲੇ ਦਰਜ ਕੀਤੇ ਗਏ। ਹਾਲਾਂਕਿ, ਇਸ ਪ੍ਰਥਾ ਨੂੰ ਲੈ ਕੇ ਦੇਸ਼ ’ਚ ਇਸ ਦੇ ਨੈਤਿਕਤਾ ਅਤੇ ਮਨੁੱਖੀ ਅਧਿਕਾਰਾਂ ਬਾਰੇ ਗੰਭੀਰ ਬਹਿਸ ਛੇੜ ਦਿੱਤੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਸਹਿਮਤੀ ਦੀ ਪਾਰਦਰਸ਼ਤਾ ਅਤੇ ਕਮਜ਼ੋਰ ਮਰੀਜ਼ਾਂ ’ਤੇ ਸੰਭਾਵੀ ਮਨੋਵਿਗਿਆਨਕ ਦਬਾਅ ਵਰਗੇ ਮੁੱਦੇ ਡੂੰਘਾਈ ਨਾਲ ਜਾਂਚ ਦੇ ਹੱਕਦਾਰ ਹਨ।

ਮਨੁੱਖੀ ਅਧਿਕਾਰਾਂ ਅਤੇ ਨੈਤਿਕਤਾ ’ਤੇ ਗੰਭੀਰ ਸਵਾਲ

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਮਨੁੱਖੀ ਅਧਿਕਾਰਾਂ ਅਤੇ ਨੈਤਿਕਤਾ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਜਿਹੜੇ ਮਰੀਜ਼ ਆਪਣੇ ਆਪ ਨੂੰ ਸਮਾਜ ਜਾਂ ਪਰਿਵਾਰ ਲਈ ਬੋਝ ਸਮਝਦੇ ਹਨ, ਉਹ ‘ਅਰਥਪੂਰਨ ਯੋਗਦਾਨ’ ਪਾਉਣ ਦੇ ਬਹਾਨੇ ਮੌਤ ਨੂੰ ਗਲੇ ਲਾਉਣ ਲਈ ਪ੍ਰੇਰਿਤ ਹੋ ਸਕਦੇ ਹਨ। ਅੰਗ ਦਾਨ ਕਰਨ ਦੀ ਇੱਛਾ ਕਈ ਵਾਰ ਮਰਨ ਦੇ ਫੈਸਲੇ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਨਾਲ ਕਮਜ਼ੋਰ ਵਿਅਕਤੀਆਂ ’ਤੇ ਅਸਿੱਧਾ ਦਬਾਅ ਪੈ ਸਕਦਾ ਹੈ।

ਕੈਨੇਡਾ ਦੀ ਸਿਹਤ ਨੀਤੀ ਹੁਣ ਇਕ ਅਜਿਹੀ ਸਥਿਤੀ ’ਚ ਪਹੁੰਚ ਗਈ ਹੈ, ਜਿੱਥੇ ਸਭ ਤੋਂ ਕਮਜ਼ੋਰ ਲੋਕਾਂ ਦੀ ਮੌਤ ਦੀ ਵਰਤੋਂ ਦੂਜਿਆਂ ਦੇ ਫਾਇਦੇ ਲਈ ਕੀਤੀ ਜਾ ਰਹੀ ਹੈ। ਕੈਨੇਡਾ ਦੀਆਂ ਸਿਹਤ ਏਜੰਸੀਆਂ ਅਤੇ ਨੈਤਿਕਤਾ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅੰਗ ਦਾਨ ਦੀ ਪ੍ਰਕਿਰਿਆ ਨੂੰ ਮੇਡ ਨਾਲ ਜੋੜਨ ਨਾਲ ਸਮਾਜ ਲਈ ਨੈਤਿਕ ਅਤੇ ਕਾਨੂੰਨੀ ਜੋਖਮ ਪੈਦਾ ਹੋ ਸਕਦੇ ਹਨ। ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਮੌਤ ਨੂੰ ਸਿਰਫ਼ ਇਕ ਉਪਯੋਗੀ ਸਾਧਨ ਬਣਾਉਣ ਵੱਲ ਵਧ ਰਹੀ ਹੈ। ਵਿਸ਼ਵ ਪੱਧਰ ’ਤੇ ਮਾਹਿਰਾਂ ਨੇ ਸਵਾਲ ਕੀਤਾ ਹੈ ਕਿ ਕੀ ਕੈਨੇਡਾ ਦੀ ਇਹ ਨੀਤੀ ਮਨੁੱਖੀ ਅਧਿਕਾਰਾਂ ਲਈ ਖ਼ਤਰਾ ਨਹੀਂ ਹੈ।

ਸੋਸ਼ਲ ਮੀਡੀਆ ’ਤੇ ਲੋਕਾਂ ਨੇ ਰੱਖੇ ਆਪਣੇ ਵਿਚਾਰ

ਇਸ ਮੁੱਦੇ ਨੇ ਸੋਸ਼ਲ ਮੀਡੀਆ ’ਤੇ ਇਕ ਤਿੱਖੀ ਬਹਿਸ ਛੇੜ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਇਸ ਪੋਸਟ ਵਿਚ ਕਈ ਅੰਦਾਜ਼ੇ ਲਾ ਰਹੇ ਹੋ। ਜਦੋਂ ਤੱਕ ਤੁਸੀਂ ਉਨ੍ਹਾਂ ਦੀ ਸਥਿਤੀ ’ਚ ਨਹੀਂ ਰਹੇ, ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਉਹ ਕਿਵੇਂ ਮਹਿਸੂਸ ਕਰਦੇ ਹਨ। ‘ਮੇਡ’ ਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਇਕ ਸਿਹਤਮੰਦ ਮਾਨਸਿਕ ਸਥਿਤੀ ’ਚ ਹੋਣ ਦੀ ਜ਼ਰੂਰਤ ਹੁੰਦੀ ਹੈ। ਮੌਤ ਤੋਂ ਬਾਅਦ ਕਿਸੇ ਦੀ ਮਦਦ ਕਰਨ ਦਾ ਬਦਲ ਹੋਣਾ ਉਨ੍ਹਾਂ ਲਈ ਇਕ ਸਵਾਗਤਯੋਗ ਹੋ ਸਕਦਾ ਹੈ।

ਇਕ ਹੋਰ ਯੂਜ਼ਰ ਨੇ ਲਿਖਿਆ ਕਿ ਏ.ਐੱਲ.ਐੱਸ. ਦਾ ਕੋਈ ਇਲਾਜ ਨਹੀਂ ਹੈ ਅਤੇ ਦੁੱਖ ਨਿਸ਼ਚਿਤ ਹੈ। ਮੈਂ ਨਹੀਂ ਸਮਝਦਾ ਕਿ ਜਦੋਂ ਤੱਕ ਵਿਅਕਤੀ ਸਹੀ ਮਾਨਸਿਕ ਹਾਲਤ ’ਚ ਹੈ , ਉਹ ਇਸ ਰਸਤੇ ਨੂੰ ਕਿਉਂ ਨਹੀਂ ਚੁਣ ਸਕਦਾ। ਅਸਿਸਟੇਡ ‘ਸੁਸਾਈਡ’ ਦੇ ਵਿਰੋਧੀ ਓਹੀ ਹੁੰਦੇ ਹਨ, ਜਿਨ੍ਹਾਂ ਨੇ ਕਦੇ ਸਰੀਰਕ ਦੁੱਖ ਦਾ ਅਨੁਭਵ ਨਹੀਂ ਕੀਤਾ। ਉਥੇ ਹੀ ਇਕ ਹੋਰ ਯੂਜ਼ਰ ਨੇ ਸਵਾਲ ਕੀਤਾ ਕਿ ਕੀ ਕੈਨੇਡਾ ’ਚ ਕਿਸੇ ਨੂੰ ਉਸ ਸਮੇਂ ਦਿਲ ਦੀ ਲੋੜ ਨਹੀਂ ਸੀ ਜਾਂ ਸਭ ਤੋਂ ਵੱਧ ਬੋਲੀ ਲਾਉਣ ਵਾਲੇ ਨੂੰ ਵੇਚਿਆ ਗਿਆ? ਉਸ ਦਿਲ ਲਈ ਕੈਨੇਡਾ ਨੂੰ ਕਿੰਨਾ ਪੈਸਾ ਮਿਲਿਆ? ਉਹ ਪੈਸੇ ਮ੍ਰਿਤਕ ਦੇ ਪਰਿਵਾਰ ਨੂੰ ਕਿਉਂ ਨਹੀਂ ਮਿਲੇ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News