ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਦੇ ਸੇਵਾਦਾਰ ਸੰਤ ਰਣਜੀਤ ਸਿੰਘ ਸੱਚਖੰਡ ਜਾ ਬਿਰਾਜੇ
Wednesday, Sep 09, 2026 - 08:46 PM (IST)
ਮਾਛੀਵਾੜਾ ਸਾਹਿਬ (ਟੱਕਰ)- ਸੇਵਾਪੰਥੀ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ ਵਿਖੇ ਸੇਵਾਵਾਂ ਨਿਭਾ ਰਹੇ ਸੰਤ ਰਣਜੀਤ ਸਿੰਘ ਜੀ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਸੱਚਖੰਡ ਜਾ ਬਿਰਾਜੇ ਹਨ। ਮਾਛੀਵਾੜਾ ਵਿਖੇ ਟਿਕਾਣਾ ਭਾਈ ਜਗਤਾ ਜੀ ਦੇ ਸੇਵਾਦਾਰ ਭਾਈ ਵਰਿੰਦਰ ਸਿੰਘ ਵਾਸੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਰਣਜੀਤ ਸਿੰਘ ਜੀ ਬਚਪਨ ਤੋਂ ਹੀ ਗੋਨਿਆਣਾ ਮੰਡੀ ਵਿਖੇ ਸੇਵਾਵਾਂ ਨਿਭਾਅ ਰਹੇ ਸਨ। ਕਰੀਬ ਇੱਕ ਮਹੀਨਾ ਪਹਿਲਾਂ ਉਨ੍ਹਾਂ ਦੀ ਕਿਡਨੀ ਟਰਾਂਸਪਲਾਟ ਕੀਤੀ ਗਈ ਸੀ ਜਿਸ ਤੋਂ ਬਾਅਦ ਉਹ ਬਿਲਕੁਲ ਤੰਦਰੁਸਤ ਸਨ ਅਤੇ ਲੁਧਿਆਣਾ ਵਿਖੇ ਘਰ ’ਚ ਇਲਾਜ ਲਈ ਰੁਕੇ ਸਨ।
ਅੱਜ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਉੱਠੇ ਅਤੇ ਇਸ਼ਨਾਨ ਕਰਨ ਦੀ ਤਿਆਰੀ ਕਰ ਰਹੇ ਸਨ ਪਰ ਅਚਾਨਕ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਹ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਜਿਉਂ ਹੀ ਸੰਗਤ ਨੂੰ ਮਿਲੀ ਤਾਂ ਉਨ੍ਹਾਂ ਵਿਚ ਸੋਗ ਦੀ ਲਹਿਰ ਦੌੜ ਗਈ। ਸਵ. ਸੰਤ ਰਣਜੀਤ ਸਿੰਘ ਜੀ ਦੀ ਮ੍ਰਿਤਕ ਦੇਹ ਲੁਧਿਆਣਾ ਤੋਂ ਗੁਰਦੁਆਰਾ ਭਾਈ ਜਗਤਾ ਜੀ ਗੋਨਿਆਣਾ ਮੰਡੀ ਵਿਖੇ ਲਿਆਂਦੀ ਗਈ ਜਿੱਥੇ ਕਿ ਸੰਗਤ ਉਨ੍ਹਾਂ ਦੇ ਅੰਤਿਮ ਦਰਸ਼ਨ ਕਰੇਗੀ। ਸਵ. ਸੰਤ ਰਣਜੀਤ ਸਿੰਘ ਜੀ ਦਾ ਅੰਤਿਮ ਸਸਕਾਰ ਮਹੰਤ ਆਸਾ ਸਿੰਘ ਗਰਲਜ਼ ਕਾਲਜ, ਗੋਨਿਆਣਾ ਮੰਡੀ ਵਿਖੇ 10 ਸਤੰਬਰ, ਦਿਨ ਵੀਰਵਾਰ ਨੂੰ 11 ਵਜੇ ਹੋਵੇਗਾ।
