ਪੁਲਸ ਸਟੇਟ ਬਣ ਚੁੱਕਿਐ ਪੰਜਾਬ: ਪ੍ਰਤਾਪ ਸਿੰਘ ਬਾਜਵਾ

Tuesday, Sep 08, 2026 - 02:40 PM (IST)

ਪੁਲਸ ਸਟੇਟ ਬਣ ਚੁੱਕਿਐ ਪੰਜਾਬ: ਪ੍ਰਤਾਪ ਸਿੰਘ ਬਾਜਵਾ

ਨਵੀਂ ਦਿੱਲੀ/ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਵੀਂ ਦਿੱਲੀ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਬਾਜਵਾ ਨੇ ਦੋਸ਼ ਲਾਇਆ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਇਕ 'ਪੁਲਸ ਸਟੇਟ' ਵਿਚ ਤਬਦੀਲ ਹੋ ਚੁੱਕਾ ਹੈ।

ਬਾਜਵਾ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਬਾਜਵਾ ਨੇ ਦਿੜ੍ਹਬਾ ਹਲਕੇ ਦੇ ਪਿੰਡ ਤੂਰ ਬੰਜਾਰਾ ਦੇ ਇਕ ਦਲਿਤ ਵਿਅਕਤੀ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅੱਜ ਪੰਜਾਬ ਵਿਚ ਗੈਂਗਸਟਰਾਂ ਦਾ ਰਾਜ ਹੈ ਅਤੇ ਲੋਕ ਸ਼ਾਮ 7 ਵਜੇ ਤੋਂ ਬਾਅਦ ਬਾਹਰ ਨਿਕਲਣ ਤੋਂ ਵੀ ਡਰਦੇ ਹਨ। ਬਾਜਵਾ ਨੇ 2016 ਦੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁਲਜ਼ਮ ਅਤੇ 47 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤੇ ਜਾਣ 'ਤੇ ਵੀ ਸਵਾਲ ਚੁੱਕੇ। ਬਾਜਵਾ ਨੇ ਇਹ ਵੀ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦਾ 15 ਹਜ਼ਾਰ ਕਰੋੜ ਰੁਪਏ ਦਾ ਡੀ. ਏ. ਬਕਾਇਆ ਪਿਆ ਹੈ। ਸੂਬੇ ਸਿਰ ਕਰਜ਼ਾ 4,75,000 ਕਰੋੜ ਰੁਪਏ ਤੱਕ ਪਹੁੰਚਣ ਦੀ ਕੰਢੇ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਅਤੇ ਰਾਜ ਸਰਕਾਰ ਦੋਵਾਂ ਨੂੰ ਸਰਹੱਦੀ ਸੁਰੱਖਿਆ ਅਤੇ ਨਸ਼ਿਆਂ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਕਰਾਰ ਦਿੱਤਾ ਹੈ।


author

Anmol Tagra

Content Editor

Related News