ਵਿਜੀਲੈਂਸ ਨੇ ਜੁਲਾਈ ਮਹੀਨੇ ’ਚ 12 ਮੁਲਾਜ਼ਮ ਰਿਸ਼ਵਤ ਲੈਂਦੇ ਦਬੋਚੇ

Monday, Aug 13, 2018 - 12:14 PM (IST)

ਵਿਜੀਲੈਂਸ ਨੇ ਜੁਲਾਈ ਮਹੀਨੇ ’ਚ 12 ਮੁਲਾਜ਼ਮ ਰਿਸ਼ਵਤ ਲੈਂਦੇ ਦਬੋਚੇ

 ਚੰਡੀਗਡ਼੍ਹ (ਸ਼ਰਮਾ) : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੁਲਾਈ ਮਹੀਨੇ ਦੌਰਾਨ 9 ਛਾਪੇ ਮਾਰ ਕੇ 12 ਸਰਕਾਰੀ ਮੁਲਾਜ਼ਮਾਂ ਨੂੰ ਵੱਖ-ਵੱਖ ਕੇਸਾਂ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ, ਜਿਨ੍ਹਾਂ ਵਿਚ ਪੁਲਸ ਵਿਭਾਗ ਦੇ 6, ਮਾਲ ਵਿਭਾਗ ਦੇ 3 ਤੇ ਹੋਰਨਾਂ ਵਿਭਾਗਾਂ ਦੇ 3 ਮੁਲਾਜ਼ਮ ਸ਼ਾਮਲ ਹਨ। ਇਸ ਸਬੰਧੀ ਚੀਫ ਡਾਇਰੈਕਟਰ-ਕਮ-ਏ. ਡੀ. ਜੀ. ਪੀ. ਵਿਜੀਲੈਂਸ ਬਿਊਰੋ ਪੰਜਾਬ ਬੀ. ਕੇ. ਉੱਪਲ ਨੇ ਕਿਹਾ ਕਿ ਇਸ ਦੌਰਾਨ ਬਿਊਰੋ ਨੇ ਜਨਤਕ ਸੇਵਾਵਾਂ ਤੇ ਹੋਰਨਾਂ ਖੇਤਰਾਂ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ।

ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਵਿਜੀਲੈਂਸ ਦੇ ਪਡ਼ਤਾਲੀਆ ਅਧਿਕਾਰੀਆਂ ਨੇ ਰਾਜ ਦੀਆਂ ਵੱਖ-ਵੱਖ ਅਦਾਲਤਾਂ ਵਿਚ ਚਲਦੇ ਮੁਕੱਦਮਿਆਂ ਦੌਰਾਨ ਦੋਸ਼ੀਆਂ ਨੂੰ ਨਿਆਇਕ ਸਜ਼ਾਵਾਂ ਦਿਵਾਉਣ ਲਈ ਪੁਖਤਾ ਪੈਰਵੀ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਬਿਊਰੋ ਵਲੋਂ ਭ੍ਰਿਸ਼ਟਾਚਾਰ ਸਬੰਧੀ ਕੇਸਾਂ ਦੇ 12 ਚਲਾਨ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵਿਚ ਪੇਸ਼ ਕੀਤੇ ਗਏ। ਇਸੇ ਮਹੀਨੇ ਸਰਕਾਰੀ ਕਰਮਚਾਰੀਆਂ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਹੋਰ ਡੂੰਘਾਈ ਨਾਲ ਜਾਂਚ ਕਰਨ ਲਈ 7 ਵਿਜੀਲੈਂਸ ਪਡ਼ਤਾਲਾਂ ਵੀ ਦਰਜ ਕੀਤੀਆਂ ਗਈਆਂ। ਸਰਕਾਰੀ ਕਰਮਚਾਰੀਆਂ ਖਿਲਾਫ ਲੱਗੇ ਕੇਸਾਂ ਦੀ ਮੁਕੰਮਲ ਪਡ਼ਤਾਲ ਉਪਰੰਤ 2 ਫੌਜਦਾਰੀ ਮੁਕੱਦਮੇ ਵੀ ਦਰਜ ਕੀਤੇ ਗਏ।


Related News