ਪੰਜਾਬ ਸਰਕਾਰ ਨੇ ਬਾਸਮਤੀ ਦੀ ਗੁਣਵੱਤਾ ਵਧਾਉਣ ਲਈ ਲਗਾਈ 10 ਕੀਟਨਾਸ਼ਕਾਂ ''ਤੇ ਰੋਕ
Monday, Aug 22, 2022 - 01:44 PM (IST)
ਚੰਡੀਗੜ੍ਹ ( ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਾਸਮਤੀ ਚੌਲਾਂ ਦੀ ਬਰਾਮਦ 'ਚ ਰੁਕਾਵਟ ਪੈਦਾ ਕਰਨ ਵਾਲੇ 10 ਕੀਟਨਾਸ਼ਕਾਂ ਦੀ ਵਿਕਰੀ , ਸਟੋਰੇਜ, ਵੰਡ ਤੇ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਖੇਤਾਬੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਹਿਲਾਂ ਹੀ ਅਧਿਕਾਰੀਆਂ ਨੂੰ ਨਕਲੀ ਅਤੇ ਘਟੀਆ ਕੀਟਨਾਸ਼ਕਾਂ ਨੂੰ ਵੇਚਣ 'ਤੇ ਰੋਕ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਬਾਸਮਤੀ ਚੌਲਾਂ ਲਈ ਲਾਭਦਾਇਕ ਨਹੀਂ ਹੈ। ਐਸੀਫੋਟ, ਬਿਊਪਰੋਫੋਜ਼ਿਨ, ਕਲੋਰੋਪਾਈਰੀਫੋਸ, ਮੇਥਾਮੀਡੋਫੋਸ, ਪ੍ਰੋਪੀਕੋਨਾਜ਼ੋਲ, ਥਾਈਮੇਮੇਥੋਕਸਮ, ਪ੍ਰੋਫੈਨੋਫੋਸ, ਆਈਸੋਪ੍ਰੋਥੀਓਲੀਨ, ਕਾਰਬੈਂਡਾਜ਼ਿਮ, ਟ੍ਰਾਈਸਾਈਕਲੋਆਜ਼ੋਲ ਦੀ ਵਿਕਰੀ, ਸਟੋਰੇਜ, ਵੰਡ ਅਤੇ ਵਰਤੋਂ ਖਾਸ ਤੌਰ 'ਤੇ ਨਿਰਯਾਤ ਅਤੇ ਖਪਤ ਵਿੱਚ ਸੰਭਾਵੀ ਰੁਕਾਵਟਾਂ ਬਣ ਰਹੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸਾਰੇ ਕੀਟਨਾਸ਼ਕਾਂ 'ਤੇ 60 ਦਿਨ੍ਹਾਂ ਲਈ ਪਾਬੰਦੀ ਲਗਾਈ ਗਈ ਹੈ ਤਾਂ ਜੋ ਚੌਲਾਂ ਦੀ ਪੈਦਾਵਾਰ 'ਚ ਰੁਕਾਵਟ ਨਾ ਆ ਸਕੇ।
ਪੰਜਾਬ ਰਾਈਸ ਮਿਨਰਲ ਐਂਡ ਐਕਸਪੋਰਟ ਐਸੋਸੀਏਸ਼ਨ ਵੱਲੋਂ ਲਏ ਗਏ ਕਈ ਨਮੂਨਿਆਂ 'ਚ ਅਸਲ ਬਾਸਮਤੀ ਚਾਵਲਾਂ ਵਿੱਚ ਇਹ ਰਹਿੰਦ ਖੁੰਹਦ ਬਹੁਤ ਜ਼ਿਆਦਾ ਮਾਤਰਾ 'ਚ ਪਾਈ ਗਈ ਸੀ। ਐਸੋਸੀਏਸ਼ਨ ਨੇ ਪੰਜਾਬ ਦੀ ਵਿਰਾਸਤੀ ਬਾਸਮਤੀ ਉਪਜ ਨੂੰ ਬਚਾਉਣ ਅਤੇ ਬਾਸਮਤੀ ਚੌਲਾਂ ਦੀ ਨਿਰਯਾਤ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਖੇਤੀ ਰਸਾਇਣਾਂ 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਸੀ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਬਾਸਮਤੀ ਚੌਲਾਂ ਦੇ ਕੀੜਿਆਂ ਨੂੰ ਕਾਬੂ ਕਰਨ ਲਈ ਘੱਟ ਰਹਿੰਦ-ਖੂੰਹਦ ਵਾਲੇ ਖੇਤੀ ਰਸਾਇਣਾਂ ਦੀ ਸਿਫ਼ਾਰਸ਼ ਕੀਤੀ ਹੈ ਜੋ ਕਿ ਬਾਜ਼ਾਰ 'ਚ ਉਪਲਬਧ ਹਨ।