ਕਾਂਗਰਸ ਦੇ 2 ਕੌਂਸਲਰਾਂ ਨੂੰ ‘ਆਪ’ ਦੇ ਹੱਕ 'ਚ ਵੋਟ ਪਾਉਣ ’ਤੇ ਨੋਟਿਸ ਜਾਰੀ

Wednesday, Jan 15, 2025 - 02:12 PM (IST)

ਕਾਂਗਰਸ ਦੇ 2 ਕੌਂਸਲਰਾਂ ਨੂੰ ‘ਆਪ’ ਦੇ ਹੱਕ 'ਚ ਵੋਟ ਪਾਉਣ ’ਤੇ ਨੋਟਿਸ ਜਾਰੀ

ਮਾਛੀਵਾੜਾ ਸਾਹਿਬ (ਟੱਕਰ) : ਨਗਰ ਕੌਂਸਲ ਮਾਛੀਵਾੜਾ ਦੇ ਪ੍ਰਧਾਨ ਦੀ ਚੋਣ ਦੌਰਾਨ ਕਾਂਗਰਸ ਦੇ 2 ਕੌਂਸਲਰਾਂ ਰਸ਼ਮੀ ਜੈਨ ਤੇ ਸੁਰਿੰਦਰ ਕੁਮਾਰ ਛਿੰਦੀ ਨੇ ‘ਆਪ’ ਕੌਂਸਲਰ ਮੋਹਿਤ ਕੁੰਦਰਾ ਦੇ ਹੱਕ ਵਿਚ ਵੋਟ ਪਾਈ, ਜਿਸ ’ਤੇ ਅੱਜ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਦੋਹਾਂ ਨੂੰ ਨੋਟਿਸ ਜਾਰੀ ਕਰ ਸਪੱਸ਼ਟੀਕਰਨ ਮੰਗਿਆ ਹੈ। ਜ਼ਿਲ੍ਹਾ ਪ੍ਰਧਾਨ ਵਲੋਂ ਜਾਰੀ ਨੋਟਿਸ ਅਨੁਸਾਰ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਇੱਕ ਸ਼ਿਕਾਇਤ ਦਿੱਤੀ ਕਿ ਨਗਰ ਕੌਂਸਲ ਮਾਛੀਵਾੜਾ ਸਾਹਿਬ ਦੀ 10 ਜਨਵਰੀ 2025 ਨੂੰ ਪ੍ਰਧਾਨਗੀ ਉਮੀਦਵਾਰ ਦੀ ਚੋਣ ਵਿਚ ਕਾਂਗਰਸ ਪਾਰਟੀ ਦੀਆਂ ਹਦਾਇਤਾਂ ਖ਼ਿਲਾਫ਼ ਜਾ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨਗੀ ਉਮੀਦਵਾਰ ਮੋਹਿਤ ਕੁੰਦਰਾ ਦੇ ਹੱਕ ਵਿਚ ਵੋਟ ਪਾਈ, ਜੋ ਕਿ ਬਹੁਤ ਹੀ ਗੰਭੀਰ ਅਨੁਸਾਸ਼ਨਹੀਣਤਾ ਵਾਲਾ ਮਾਮਲਾ ਹੈ।

ਜ਼ਿਲ੍ਹਾ ਪ੍ਰਧਾਨ ਨੇ ਇਨ੍ਹਾਂ ਦੋਹਾਂ ਕੌਂਸਲਰਾਂ ਨੂੰ ਹਦਾਇਤ ਕੀਤੀ ਕਿ 7 ਦਿਨਾਂ ਦੇ ਅੰਦਰ ਅੰਦਰ ਆਪਣਾ ਲਿਖ਼ਤੀ ਸਪੱਸ਼ਟੀਕਰਨ ਨਿੱਜੀ ਤੌਰ ’ਤੇ ਪੇਸ਼ ਹੋ ਕੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਵਾਬ ਨਾ ਦੇਣ ਦੀ ਸੂਰਤ ਵਿਚ ਆਪ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਲੰਘੀ 10 ਜਨਵਰੀ ਨੂੰ ਨਗਰ ਕੌਂਸਲ ਪ੍ਰਧਾਨਗੀ ਦੀ ਚੋਣ ਦੌਰਾਨ ਕਾਂਗਰਸ, ਅਕਾਲੀ ਦਲ ਅਤੇ ‘ਆਪ’ ਕੌਂਸਲਰਾਂ ਦੇ ਸਮਰਥਨ ਨਾਲ ਮੋਹਿਤ ਕੁੰਦਰਾ ਭਾਰੀ ਬਹੁਮਤ ਨਾਲ ਪ੍ਰਧਾਨ ਚੁਣੇ ਗਏ ਸਨ।


author

Babita

Content Editor

Related News