'ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਭਾਰਤ ਵਿੱਚ ਨਸ਼ਾ ਤਸਕਰੀ ਦਾ ਨਵਾਂ ਰਾਹ ਬਣੀਆਂ'

Monday, Aug 29, 2022 - 05:07 PM (IST)

'ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਭਾਰਤ ਵਿੱਚ ਨਸ਼ਾ ਤਸਕਰੀ ਦਾ ਨਵਾਂ ਰਾਹ ਬਣੀਆਂ'

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਸ ਨੇ ਸੂਬੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰਨ ਦੇ ਸਿੱਟੇ ਵਜੋਂ ਇਹ ਸਾਹਮਣੇ ਆਇਆ ਹੈ ਕਿ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਸਮੁੰਦਰੀ ਬੰਦਰਗਾਹਾਂ ਭਾਰਤ ਵਿੱਚ ਨਸ਼ਾ ਤਸਕਰੀ ਦਾ ਨਵਾਂ ਰਸਤਾ ਬਣੀਆਂ ਹਨ। ਪਿਛਲੇ ਦੋ ਮਹੀਨਿਆਂ ਵਿੱਚ ਪੰਜਾਬ ਪੁਲਸ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਸਮੁੰਦਰੀ ਬੰਦਰਗਾਹਾਂ ਰਾਹੀਂ ਲਿਆਂਦੀ 185.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਇਹ ਖੇਪਾਂ ਪੰਜਾਬ ਵਿੱਚ ਭੇਜੀਆਂ ਜਾਣੀਆਂ ਸਨ। ਇਹ ਜਾਣਕਾਰੀ ਇੰਸਪੈਕਟਰ ਜਨਰਲ ਆਫ਼ ਪੁਲਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦਿੱਤੀ। 

ਉਨ੍ਹਾਂ ਕਿਹਾ ਕਿ ਤਾਜ਼ਾ ਕਾਰਵਾਈ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਪੁਲਸ ਨੇ ਐਤਵਾਰ ਨੂੰ ਗੁਜਰਾਤ ਦੇ ਭੁਜ ਤੋਂ ਆ ਰਹੇ ਇੱਕ ਟਰੱਕ ‘ਚੋਂ  38 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ, ਜੋ ਕਿ ਨਿਸ਼ਚਿਤ ਤੌਰ 'ਤੇ ਗੁਜਰਾਤ ਦੇ ਸਮੁੰਦਰੀ ਰਸਤੇ ਰਾਹੀਂ ਭਾਰਤ ਦੀਆਂ ਸਰਹੱਦਾਂ ਵਿੱਚ ਦਾਖ਼ਲ ਹੋਈ ਸੀ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਆਈ. ਜੀ. ਪੀ. ਨੇ ਅੱਗੇ ਕਿਹਾ ਕਿ ਇਹ ਬਰਾਮਦਗੀ ਪਿਛਲੇ ਹਫ਼ਤੇ ਸੂਬੇ ਵਿੱਚ ਬਰਾਮਦ ਕੀਤੀ ਗਈ 13.51 ਕਿਲੋਗ੍ਰਾਮ ਹੈਰੋਇਨ ਤੋਂ ਇਲਾਵਾ ਹੈ, ਜਿਸ ਨਾਲ ਹੈਰੋਇਨ ਦੀ ਹਫ਼ਤਾਵਾਰੀ ਬਰਾਮਦਗੀ 51.51 ਕਿਲੋਗ੍ਰਾਮ ਹੋ ਗਈ ਹੈ। ਇਸ ਤੋਂ ਪਹਿਲਾਂ 12 ਜੁਲਾਈ ਨੂੰ ਏਟੀਐੱਸ ਗੁਜਰਾਤ ਨਾਲ ਸਾਂਝੀ ਕਾਰਵਾਈ ਦੌਰਾਨ ਪੰਜਾਬ ਪੁਲਸ ਨੇ ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਕੰਟੇਨਰ ‘ਚੋਂ  75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਦੋਂ ਕਿ ਮਹਾਰਾਸ਼ਟਰ ਪੁਲਸ ਨਾਲ ਇਸੇ ਤਰ੍ਹਾਂ ਦੀ ਕਾਰਵਾਈ ਦੌਰਾਨ 15 ਜੁਲਾਈ ਨੂੰ ਮੁੰਬਈ ਦੇ ਨਾਹਵਾ ਸ਼ੇਵਾ ਪੋਰਟ ‘ਤੇ ਕੰਟੇਨਰ ‘ਚੋਂ  72.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਨਸ਼ਿਆਂ ਦੀ ਬਰਾਮਦੀ ਸਬੰਧੀ ਆਪਣੀ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਸ ਨੇ ਪਿਛਲੇ ਹਫ਼ਤੇ ਦੌਰਾਨ ਸੂਬੇ ਭਰ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਐੱਸ) ਐਕਟ ਤਹਿਤ 33 ਵਪਾਰਕ ਮਾਮਲਿਆਂ ਸਮੇਤ 283 ਐਫ. ਆਈ. ਆਰਜ਼ ਦਰਜ ਕਰਕੇ 370 ਨਸ਼ਾ ਤਸਕਰਾਂ/ਸਪਲਾਈਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਸ ਨੂੰ ਨਸ਼ਿਆਂ ਵਿਰੁੱਧ ਜੰਗ ਛੇੜਨ ਲਈ ਪੂਰੀ ਖੁੱਲ੍ਹ ਦੇਣ ਦੇ ਨਾਲ ਹੀ ਸਰਹੱਦੀ ਸੂਬੇ ਪੰਜਾਬ ਤੋਂ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮਾਂ ਚਲਾਈਆਂ ਗਈਆਂ ਹਨ। ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਸ ਨੇ ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ 'ਤੇ ਨਾਕੇ ਲਗਾਉਣ ਦੇ ਨਾਲ-ਨਾਲ ਨਸ਼ਾ ਪ੍ਰਭਾਵਿਤ ਇਲਾਕਿਆਂ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ  1.09 ਕਰੋੜ ਰੁਪਏ ਦੀ ਡਰੱਗ ਮਨੀ, 13 ਕਿਲੋ ਅਫੀਮ, 12 ਕਿਲੋ ਗਾਂਜਾ, 7 ਕੁਇੰਟਲ ਭੁੱਕੀ ਅਤੇ 1.36 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਸਮੇਤ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News