ਜਸਵੰਤ ਰਾਏ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਕੋਚ ਨਿਯੁਕਤ

Monday, Oct 03, 2022 - 01:55 PM (IST)

ਜਸਵੰਤ ਰਾਏ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਕੋਚ ਨਿਯੁਕਤ

ਚੰਡੀਗੜ੍ਹ (ਵਰੁਣ) : ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਣਜੀ ਟਰਾਫੀ ਕ੍ਰਿਕਟ ਖਿਡਾਰੀ ਅਤੇ ਰਾਸ਼ਟਰੀ ਪੱਧਰ ਦੇ ਕੋਚ ਜਸਵੰਤ ਰਾਏ ਨੂੰ ਆਉਣ ਵਾਲੇ ਘਰੇਲੂ ਸੈਸ਼ਨ ਲਈ ਦਿੱਲੀ ਅੰਡਰ-19 ਪੁਰਸ਼ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਜਸਵੰਤ ਰਾਏ ਨੇ 70 ਫਸਟ ਕਲਾਸ ਮੈਚ ਖੇਡੇ ਹਨ। ਉਹ ਹਿਮਾਚਲ ਪ੍ਰਦੇਸ਼ ਦੀ ਸੀਨੀਅਰ ਪੁਰਸ਼ ਕ੍ਰਿਕਟ ਟੀਮ, ਹਿਮਾਚਲ ਪ੍ਰਦੇਸ਼ ਮਹਿਲਾ ਟੀਮ ਅਤੇ ਪੰਜਾਬ ਅੰਡਰ-19 ਮਹਿਲਾ ਟੀਮ ਨੂੰ ਕੋਚਿੰਗ ਦੇ ਚੁੱਕੇ ਹਨ।

ਉਹ ਸਾਲ 2017 ਤੋਂ 2019 ਤੱਕ ਹਿਮਾਚਲ ਪ੍ਰਦੇਸ਼ ਦੀ ਸੀਨੀਅਰ ਪੁਰਸ਼ ਕ੍ਰਿਕਟ ਟੀਮ ਦੇ ਚੋਣਕਾਰ ਵੀ ਸਨ। ਜਸਵੰਤ ਰਾਏ ਨੇ ਹਾਲ ਹੀ 'ਚ ਚੋਖੀ ਪ੍ਰਸਿੱਧੀ ਉਸ ਸਮੇਂ ਹਾਸਲ ਕੀਤੀ, ਜਦੋਂ ਉਨ੍ਹਾਂ ਦੇ ਸਿੱਖਿਆਰਥੀ ਤੇ ਖੱਬੇ ਹੱਥ ਦੇ ਮੀਡੀਅਮ-ਪੇਸਰ ਅਰਸ਼ਦੀਪ ਸਿੰਘ ਨੇ ਆਈ. ਪੀ. ਐੱਲ. ਦੇ ਪਿਛਲੇ ਸੀਜ਼ਨਾਂ ਦੌਰਾਨ ਪੰਜਾਬ ਕਿੰਗਜ਼ ਲਈ ਗੇਂਦਬਾਜ਼ੀ ਕਰਦੇ ਹੋਏ ਸੁਰਖੀਆਂ ’ਚ ਰਹਿਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ 'ਚ ਆਪਣੀ ਥਾਂ ਬਣਾਈ।

ਜਸਵੰਤ ਰਾਏ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਸਾਲ ਦਿੱਲੀ ਅੰਡਰ-19 ਪੁਰਸ਼ ਟੀਮ ਦੀ ਜਿੱਤ ਦਾ ਡੰਕਾ ਵਜਾਉਣ ਲਈ ਕਮਰ ਕੱਸ ਲਈ ਹੈ। ਜਸਵੰਤ ਰਾਏ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਇਹ ਹੋਵੇਗਾ ਕਿ ਦਿੱਲੀ ਦੀ ਅੰਡਰ-19 ਟੀਮ ਜਿੱਤੇ ਅਤੇ ਵੱਧ ਤੋਂ ਵੱਧ ਨੌਜਵਾਨ ਖਿਡਾਰੀ ਸੀਨੀਅਰ ਟੀਮ 'ਚ ਥਾਂ ਬਣਾਉਣ।

 


author

Babita

Content Editor

Related News