ਮੀ ਟੂ ਦੇ ਮੁੱਦੇ ’ਤੇ ਕੈਬਨਿਟ ਮੰਤਰੀ ਚੰਨੀ ਤੁਰੰਤ ਅਸਤੀਫਾ ਦੇਵੇ : ਬੀਬੀ ਸੰਧੂ
Wednesday, Oct 31, 2018 - 03:44 PM (IST)

ਚੰਡੀਗੜ੍ਹ (ਅਰਨੌਲੀ)-ਮੀ ਟੂ ਦੇ ਮੁੱਦੇ ’ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨੈਤਿਕਤਾ ਦੇ ਆਧਾਰ ’ਤੇ ਅਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਨੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਬੀਬੀ ਸੰਧੂ ਨੇ ਕਿਹਾ ਕਿ ਕੈਬਨਿਟ ਮੰਤਰੀ ਚੰਨੀ ਨੂੰ ਇਤਿਹਾਸਕ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨੇ ਲਗਾਤਾਰ 3 ਵਾਰ ਵਿਧਾਇਕ ਚੁਣਿਆ ਹੈ, ਜਿਸ ’ਤੇ ਇਕ ਸੀਨੀਅਰ ਮਹਿਲਾ ਅਫਸਰ ਵਲੋਂ ਦੋਸ਼ ਲਗਾਏ ਗਏ ਹਨ ਪਰ ਕੈਪਟਨ ਸਰਕਾਰ ਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਇਸ ਮਾਮਲੇ ਨੂੰ ਠੰਡੇ ਬਸਤੇ ਪਾ ਰਹੀ ਹੈ, ਜਿਸ ਨਾਲ ਮਹਿਲਾ ਅਫਸਰਾਂ ਤੇ ਮਹਿਲਾ ਕਰਮਚਾਰੀਆਂ ਦਾ ਮਨੋਬਲ ਡਿੱਗਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਕੈਬਨਿਟ ਮੰਤਰੀ ਚੰਨੀ ਤੋਂ ਅਸਤੀਫਾ ਲੈ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ 1 ਨਵੰਬਰ ਨੂੰ ਸ੍ਰੀ ਕੇਸਗਡ਼੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਅਰਦਾਸ ਸਮਾਗਮ ਵਿਚ ਸ਼ਾਮਲ ਹੋਣ ਅਤੇ 3 ਨਵੰਬਰ ਨੂੰ ਦਿੱਲੀ ਜੰਤਰ ਮੰਤਰ ਵਿਖੇ 1984 ਦੇ ਦੰਗਿਆਂ ਨੂੰ ਲੈ ਕੇ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਸ਼ਮੂਲੀਅਤ ਕਰਨ ਨੂੰ ਲੈ ਕੇ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ। ਇਸ ਮੌਕੇ ਬੀਬੀ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਨਿੱਤਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਬੀਬੀ ਸਤਵੰਤ ਕੌਰ ਸੰਧੂ ਨੇ ਪਾਰਟੀ ਵਲੋਂ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਲਡ਼ਨ ਵਾਲੇ ਅਤੇ ਜੇਤੂ ਉਮੀਦਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਰਤਨਗਡ਼੍ਹ, ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟਡ਼ਾ, ਕੌਂਸਲਰ ਜਗਪਾਲ ਸਿੰਘ ਜੌਲੀ, ਸਰਕਲ ਮੋਰਿੰਡਾ ਦਿਹਾਤੀ ਦੇ ਪ੍ਰਧਾਨ ਜੁਗਰਾਜ ਸਿੰਘ ਮਾਨਖੇਡ਼ੀ, ਸ਼ਹਿਰੀ ਪ੍ਰਧਾਨ ਹਰਜੀਤ ਸਿੰਘ ਕੰਗ, ਯੂਥ ਵਿੰਗ ਦੇ ਪ੍ਰਧਾਨ ਦਵਿੰਦਰ ਸਿੰਘ ਮਝੈਲ, ਹਰਚੰਦ ਸਿੰਘ ਡੂਮਛੇਡ਼ੀ, ਜਸਵਿੰਦਰ ਸਿੰਘ ਛੋਟੂ, ਬਲਦੇਵ ਸਿੰਘ ਹਫਸਾਬਾਦ ਸਰਕਲ ਪ੍ਰਧਾਨ ਸ੍ਰੀ ਚਮਕੌਰ ਸਾਹਿਬ, ਲਖਬੀਰ ਸਿੰਘ ਲੱਖੀ ਪ੍ਰਧਾਨ ਯੂਥ ਵਿੰਗ, ਸਰਪੰਚ ਸੁਰਜੀਤ ਸਿੰਘ ਤਾਜਪੁਰਾ, ਅਮਰਿੰਦਰ ਸਿੰਘ ਹੈਲੀ, ਕੁਲਵਿੰਦਰ ਸਿੰਘ ਭਾਗੋਵਾਲ, ਰਜਿੰਦਰ ਸਿੰਘ ਬਡਵਾਲੀ, ਜਗਵਿੰਦਰ ਸਿੰਘ ਪੰਮੀ, ਬਲਦੇਵ ਸਿੰਘ ਚੱਕਲ, ਮਹਿੰਦਰ ਸਿੰਘ ਤਾਜਪੁਰਾ, ਸੁਖਬੀਰ ਸਿੰਘ ਯੂ. ਕੇ., ਬੀਬੀ ਕੁਲਦੀਪ ਕੌਰ ਕੰਗ ਆਦਿ ਹਾਜ਼ਰ ਸਨ।