ਫੀਫਾ ਵਰਲਡ ਕੱਪ ਦੇ ਟੋਰਾਂਟੋ ਮੈਚਾਂ ਦੀਆਂ ਟਿਕਟਾਂ ਹਾਲੇ ਵੀ ਉਪਲਬਧ, ਕੀਮਤਾਂ ਸਬੰਧੀ ਪ੍ਰਸ਼ੰਸਕ ਚਿੰਤਕ

Saturday, May 30, 2026 - 07:25 AM (IST)

ਫੀਫਾ ਵਰਲਡ ਕੱਪ ਦੇ ਟੋਰਾਂਟੋ ਮੈਚਾਂ ਦੀਆਂ ਟਿਕਟਾਂ ਹਾਲੇ ਵੀ ਉਪਲਬਧ, ਕੀਮਤਾਂ ਸਬੰਧੀ ਪ੍ਰਸ਼ੰਸਕ ਚਿੰਤਕ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਵਿੱਚ ਹੋਣ ਵਾਲੇ ਫੀਫਾ ਵਰਲਡ ਕੱਪ 2026 ਨੂੰ ਲੈ ਕੇ ਫੁੱਟਬਾਲ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਹੈ, ਪਰ ਟੋਰਾਂਟੋ ਵਿੱਚ ਹੋਣ ਵਾਲੇ ਕੁਝ ਮੈਚਾਂ ਦੀਆਂ ਟਿਕਟਾਂ ਹਾਲੇ ਵੀ ਵਿਕਣ ਲਈ ਬਾਕੀ ਹਨ। ਇਸ ਦੇ ਬਾਵਜੂਦ ਟਿਕਟਾਂ ਦੀਆਂ ਉੱਚੀਆਂ ਕੀਮਤਾਂ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ।

ਜਾਣਕਾਰੀ ਅਨੁਸਾਰ ਟੋਰਾਂਟੋ ਦੇ ਮੈਚਾਂ ਲਈ ਹਜ਼ਾਰਾਂ ਟਿਕਟਾਂ ਹਾਲੇ ਵੀ ਉਪਲਬਧ ਹਨ, ਜਿਨ੍ਹਾਂ ਵਿੱਚ ਕੈਨੇਡਾ ਦੇ ਮੈਚ ਦੀਆਂ ਟਿਕਟਾਂ ਵੀ ਸ਼ਾਮਲ ਹਨ। ਕਈ ਟਿਕਟਾਂ ਦੀ ਸ਼ੁਰੂਆਤੀ ਕੀਮਤ ਇੱਕ ਹਜ਼ਾਰ ਡਾਲਰ ਤੋਂ ਵੀ ਉੱਪਰ ਦੱਸੀ ਜਾ ਰਹੀ ਹੈ, ਜਿਸ ਕਾਰਨ ਆਮ ਪ੍ਰਸ਼ੰਸਕਾਂ ਲਈ ਮੈਚ ਵੇਖਣਾ ਮੁਸ਼ਕਲ ਬਣਦਾ ਜਾ ਰਿਹਾ ਹੈ।

ਫੁੱਟਬਾਲ ਪ੍ਰੇਮੀਆਂ ਦਾ ਕਹਿਣਾ ਹੈ ਕਿ ਉਹ ਵਰਲਡ ਕੱਪ ਦਾ ਹਿੱਸਾ ਬਣਨਾ ਚਾਹੁੰਦੇ ਹਨ, ਪਰ ਟਿਕਟਾਂ ਦੇ ਵੱਧ ਰਹੇ ਰੇਟ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। ਕੁਝ ਲੋਕਾਂ ਨੇ ਕਿਹਾ ਕਿ ਇੱਕ ਮੈਚ ਦੀ ਟਿਕਟ ਦੀ ਕੀਮਤ ਟੋਰਾਂਟੋ 'ਚ ਇੱਕ ਮਹੀਨੇ ਦੇ ਘਰ ਕਿਰਾਏ ਦੇ ਬਰਾਬਰ ਪਹੁੰਚ ਰਹੀ ਹੈ।

ਇਸ ਦੌਰਾਨ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਟੂਰਨਾਮੈਂਟ ਨੇੜੇ ਆਉਣ ਨਾਲ ਬਾਕੀ ਟਿਕਟਾਂ ਵੀ ਵਿਕ ਜਾਣਗੀਆਂ। ਫੀਫਾ ਵਰਲਡ ਕੱਪ 2026 ਦੇ ਮੈਚ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿੱਚ ਕਰਵਾਏ ਜਾਣੇ ਹਨ, ਜਿਨ੍ਹਾਂ ਵਿੱਚ ਟੋਰਾਂਟੋ ਅਤੇ ਵੈਨਕੂਵਰ ਕੈਨੇਡਾ ਦੇ ਮੇਜ਼ਬਾਨ ਸ਼ਹਿਰ ਹਨ।


author

Baljit Singh

Content Editor

Related News