COVID-19 ਨੇ ਫਿੱਕਾ ਕੀਤਾ ਕੈਨੇਡਾ ਦਿਹਾੜੇ ਦਾ ਜਸ਼ਨ, ਜਾਣੋ ਟਰੂਡੋ ਕੀ ਬੋਲੇ

07/02/2020 12:14:46 AM

ਟੋਰਾਂਟੋ— ਬੁੱਧਵਾਰ ਨੂੰ ਕੈਨੇਡਾ ਦਾ ਅਧਿਕਾਰਤ ਤੌਰ 'ਤੇ ਜਨਮ ਦਿਨ ਓਟਾਵਾ 'ਚ ਪਹਿਲੀ ਵਾਰ ਪੂਰੀ ਤਰ੍ਹਾਂ ਆਨਲਾਈਨ ਮਨਾਇਆ ਜਾ ਰਿਹਾ ਹੈ। ਕੋਈ ਲਾਈਵ ਆਤਿਸ਼ਬਾਜ਼ੀ ਨਹੀਂ, ਪਾਰਲੀਮੈਂਟ ਹਿੱਲ 'ਤੇ ਰੌਣਕ ਗਾਇਬ ਤੇ ਟੂਰਿਸਟਾਂ ਦੀ ਭੀੜ ਨਹੀਂ।

ਕੈਨੇਡਾ ਦਿਹਾੜੇ 'ਤੇ ਆਮ ਤੌਰ 'ਤੇ ਓਟਾਵਾ 'ਚ ਪਾਰਟੀ ਦਾ ਪੂਰਾ ਰੰਗ-ਮੰਚ ਹੁੰਦਾ ਹੈ, ਹਜ਼ਾਰਾਂ ਵਿਦੇਸ਼ੀ ਤੇ ਘਰੇਲੂ ਸੈਲਾਨੀ ਅਤੇ ਪਰਿਵਾਰ ਇਸ ਨੂੰ ਮਨਾਉਣ ਲਈ ਰਾਜਧਾਨੀ ਆਉਂਦੇ ਹਨ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਹੁੰਦੀ ਰਹੀ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮਾਹੌਲ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਬਹੁਤ ਸਾਰੇ ਜਨਤਕ ਸਮਾਗਮ ਰੱਦ ਹਨ। ਇਸ ਦਿਨ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਾਵਾ ਫੂਡ ਬੈਂਕ ਦੇ ਫਾਰਮ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਕਾਲੇ ਮਾਸਕ ਪਾਏ ਹੋਏ ਆਪਣੇ ਪਰਿਵਾਰ ਨਾਲ ਬ੍ਰੋਕਲੀ ਦੀ ਕਟਾਈ ਕੀਤੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕੈਨੇਡੀਅਨਾਂ ਨੂੰ ਸੰਖੇਪ ਭਾਸ਼ਣ ਦਿੱਤਾ। ਉੱਥੇ ਹੀ, ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਓਂਟਾਰੀਓ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਲੋਕਾਂ ਨੂੰ ਕੋਰੋਨਾ ਕਾਰਨ ਲਾਗੂ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਟਰੂਡੋ ਨੇ ਕਿਹਾ ਕਿ ਇਹ ਸਾਲ ਬਿਲਕੁਲ ਅਲੱਗ ਹੈ ਪਰ ਨਿਸ਼ਚਤ ਤੌਰ 'ਤੇ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਾਡੇ ਦੇਸ਼ ਨੇ ਇਹ ਦਿਨ ਔਖੇ ਸਮੇਂ 'ਚ ਮਨਾਇਆ ਹੈ। ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਕੈਨੇਡਾ ਦਿਵਸ ਦੇ ਪਿਛਲੇ ਸਮਾਰੋਹਾਂ ਦਾ ਹਵਾਲਾ ਦਿੱਤਾ। ਟਰੂਡੋ ਨੇ ਕਿਹਾ, ''ਕੈਨੇਡਾ ਦਿਵਸ 'ਤੇ ਹੁਣ ਇਹ ਸਾਡੀ ਵਾਰੀ ਹੈ। ਸਾਨੂੰ ਹੁਣ ਇੱਕੀਵੀਂ ਸਦੀ ਲਈ ਕੈਨੇਡਾ ਨੂੰ ਦੁਬਾਰਾ ਖੜ੍ਹਾ ਕਰਨਾ ਤੇ ਉਸਾਰਨਾ ਹੋਵੇਗਾ।''
ਉੱਥੇ ਹੀ, ਵੱਖ-ਵੱਖ ਸੂਬਿਆਂ 'ਚ ਅਲੱਗ-ਅਲੱਗ ਨਿਯਮ ਹਨ। ਓਂਟਾਰੀਓ ਦੀ ਗੱਲ ਕਰੀਏ ਤਾਂ ਇੱਥੇ ਹੁਣ ਵੀ ਜਨਤਕ ਇਕੱਠਾਂ 'ਤੇ ਸਖਤ ਲਿਮਟ ਲਾਗੂ ਹੈ, ਇਕ ਗਰੁੱਪ 'ਚ 10 ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਦੀ ਮਨਜ਼ੂਰੀ ਨਹੀਂ ਹੈ। ਇਸ ਤੋਂ ਇਲਾਵਾ ਅਲਬਰਟਾ 'ਚ ਬਾਹਰੀ ਸਮਾਗਮਾਂ 'ਚ 200 ਤੱਕ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੈ। ਹਾਲਾਂਕਿ, ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ।


Sanjeev

Content Editor

Related News