COVID-19 ਦੌਰਾਨ B.C. ਹੋਟਲ ਵਰਕਰਾਂ ਦਾ ਵੱਡਾ ਐਲਾਨ, ਚਿੰਤਾ 'ਚ ਸਰਕਾਰ!

Sunday, Aug 09, 2020 - 07:40 AM (IST)

COVID-19 ਦੌਰਾਨ B.C. ਹੋਟਲ ਵਰਕਰਾਂ ਦਾ ਵੱਡਾ ਐਲਾਨ, ਚਿੰਤਾ 'ਚ ਸਰਕਾਰ!

ਵਿਕਟੋਰੀਆ— ਕੋਰੋਨਾ ਮਹਾਮਾਰੀ ਕਾਰਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਬੀ. ਸੀ. ਹੋਟਲ ਇੰਡਸਟਰੀ ਦੇ ਵਰਕਰਾਂ ਨੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੀ ਵਿਧਾਨ ਸਭਾ ਸਾਹਮਣੇ ਭੁੱਖ ਹੜਤਾਲ ਕਰਨ ਦਾ ਵੱਡਾ ਐਲਾਨ ਕੀਤਾ ਹੈ। ਬੀ. ਸੀ. ਭਰ ਦੇ ਹੋਟਲ ਵਰਕਰਾਂ ਵੱਲੋਂ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ।

ਸੂਬੇ 'ਚ ਪ੍ਰਾਹੁਣਚਾਰੀ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੇ ਸੰਗਠਨ 'ਯੂਨਾਈਟਿਡ ਹਿਯਰ ਲੋਕਲ 40' ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਕਾਰੋਬਾਰ ਮਾਹੌਲ ਠੀਕ ਹੋਣ 'ਤੇ ਕੰਮ 'ਤੇ ਵਾਪਸ ਜਾਣ ਦੇ ਕਾਨੂੰਨੀ ਅਧਿਕਾਰ ਦੀ ਮੰਗ ਕਰ ਰਹੇ ਹਨ।

ਸੰਗਠਨ ਦਾ ਕਹਿਣਾ ਹੈ ਕਿ ਮਹਾਮਾਰੀ ਦੀ ਵਜ੍ਹਾ ਨਾਲ ਸੂਬੇ 'ਚ ਲਗਭਗ 50,000 ਹੋਟਲ ਵਰਕਰਾਂ ਦੀ ਛੰਟਨੀ ਹੋਈ ਹੈ ਅਤੇ ਸੂਬੇ ਦੀ ਆਰਥਿਕਤਾ ਦੁਬਾਰਾ ਖੁੱਲ੍ਹਣ 'ਤੇ ਉਨ੍ਹਾਂ ਨੂੰ ਕੰਮ 'ਤੇ ਵਾਪਸ ਜਾਣ ਦੀ ਗਾਰੰਟੀ ਚਾਹੀਦੀ ਹੈ। 'ਫਾਸਟ ਫੋਰ ਜਾਬਸ' ਨਾਂ ਨਾਲ ਸ਼ੁਰੂ ਕੀਤੀ ਜਾਣ ਵਾਲੀ ਇਸ ਭੁੱਖ ਹੜਤਾਲ ਦੀ ਕੋਈ ਅੰਤਿਮ ਤਾਰੀਖ਼ ਨਹੀਂ ਮਿੱਥੀ ਗਈ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਵਿਧਾਨ ਸਭਾ 'ਚ ਡੇਰਾ ਜਮਾਉਣ ਦੀ ਯੋਜਨਾ ਬਣਾ ਰਹੇ ਹਨ ਅਤੇ ਭੁੱਖ ਹੜਤਾਲ ਉਦੋਂ ਤਕ ਜਾਰੀ ਰਹੇਗੀ ਜਦੋਂ ਤੱਕ ਬੀ. ਸੀ. ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਦੀ ਹੈ।

ਇਸ ਤੋਂ ਪਹਿਲਾਂ 7 ਜੁਲਾਈ ਨੂੰ ਤਕਰੀਬਨ 200 ਬੀ. ਸੀ. ਹੋਟਲ ਇੰਡਸਟਰੀ ਦੇ ਵਰਕਰਾਂ ਨੇ ਨੌਕਰੀ ਦੀ ਸੁਰੱਖਿਆ ਦੀ ਮੰਗ ਕਰਦਿਆਂ ਵਿਧਾਨ ਸਭਾ ਮੋਹਰੇ ਰੈਲੀ ਕੀਤੀ ਸੀ।

ਗੌਰਤਲਬ ਹੈ ਕਿ ਬੀ. ਸੀ. ਦੀ ਟੂਰਜ਼ਿਮ ਇੰਡਸਟਰੀ ਐਸੋਸੀਏਸ਼ਨ ਨੇ ਸਰਕਾਰ ਕੋਲੋਂ 680 ਮਿਲੀਅਨ ਡਾਲਰ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਦੇ ਉਪ-ਚੇਅਰਮੈਨ ਵਿਵੇਕ ਸ਼ਰਮਾ ਨੇ 17 ਜੁਲਾਈ ਨੂੰ ਕਿਹਾ ਸੀ, ''ਜੇਕਰ ਕਾਰੋਬਾਰਾਂ ਨੂੰ ਪੈਕੇਜ ਨਹੀਂ ਮਿਲਦਾ ਤਾਂ ਇਹ ਬਚ ਨਹੀਂ ਸਕਣਗੇ ਅਤੇ ਫਿਰ ਕਦੇ ਨਹੀਂ ਖੁੱਲ੍ਹਣਗੇ।''


author

Sanjeev

Content Editor

Related News