ਕੈਨੇਡਾ : Air Canada ਵੱਲੋਂ 1,700 ਮੁਲਾਜ਼ਮਾਂ ਦੀ ਛੁੱਟੀ ਕਰਨ ਦਾ ਐਲਾਨ
Saturday, Jan 16, 2021 - 10:33 AM (IST)

ਓਟਾਵਾ- ਕੈਨੇਡਾ ਦੀ ਸਭ ਤੋਂ ਵੱਡੀ ਹਵਾਈ ਕੰਪਨੀ ਏਅਰ ਕੈਨੇਡਾ ਵਿੱਚ ਕੰਮ ਕਰਦੇ ਕਈ ਕਾਮਿਆਂ ਦਾ ਰੁਜ਼ਗਾਰ ਖ਼ਤਮ ਹੋਣ ਜਾ ਰਿਹਾ ਹੈ। ਕੰਪਨੀ ਨੇ ਕੋਰੋਨਾ ਮਹਾਮਾਰੀ ਕਾਰਨ ਕੰਮ ਘਟਣ ਦਾ ਹਵਾਲਾ ਦਿੰਦੇ ਹੋਏ 1700 ਨੌਕਰੀਆਂ ਦੀ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਹੈ।
ਏਅਰ ਕੈਨੇਡਾ ਦੇ ਕਾਰਜਕਾਰੀ ਉਪ ਮੁਖੀ ਅਤੇ ਪ੍ਰਮੁੱਖ ਵਪਾਰਕ ਅਧਿਕਾਰੀ ਲੂਸੀ ਗਿਲੇਮੇਟ ਨੇ ਕਿਹਾ ਕਿ ਨੌਕਰੀਆਂ ਵਿਚ ਇਹ ਕਟੌਤੀਆਂ ਕੰਪਨੀ ਦੀ ਉਸ ਯੋਜਨਾ ਦਾ ਹਿੱਸਾ ਹੈ, ਜਿਸ ਜ਼ਰੀਏ ਉਹ ਆਪਣੀ ਸਮਰੱਥਾ 25 ਫੀਸਦੀ ਘਟਾ ਕੇ ਕੋਵਿਡ-19 ਕਾਰਨ ਪੈ ਰਹੇ ਘਾਟੇ ਨੂੰ ਪੂਰਾ ਕਰਨ ਦਾ ਯਤਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੰਚਾਲਨ ਵਿਚ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ, ਜਿਸ ਦੇ ਨਤੀਜੇ ਵਜੋਂ ਲਗਭਗ 1,700 ਮੁਲਾਜ਼ਮਾਂ ਦੀ ਕਟੌਤੀ ਹੋਵੇਗੀ ਅਤੇ ਐਕਸਪ੍ਰੈਸ ਕੈਰੀਅਰਜ਼ ਵਿਚ ਕੰਮ ਕਰਦੇ 200 ਤੋਂ ਵੱਧ ਕਾਮਿਆਂ ਨੂੰ ਵੀ ਛੁੱਟੀ 'ਤੇ ਭੇਜਣਾ ਪਏਗਾ। ਏਅਰ ਕੈਨੇਡਾ ਦੇ ਅਧਿਕਾਰੀ ਨੇ ਕਿਹਾ ਕਿ ਕੰਪਨੀ ਦੀ ਸਮਰੱਥਾ ਵਿਚ 25 ਫੀਸਦੀ ਕਟੌਤੀ ਕਰਨ ਦਾ ਫ਼ੈਸਲਾ ਸੂਬਾ ਪੱਧਰੀ ਕੋਵਿਡ-19 ਤਾਲਾਬੰਦੀ ਅਤੇ ਯਾਤਰਾ ਪਾਬੰਦੀਆਂ ਕਾਰਨ ਲੈਣਾ ਪਿਆ ਹੈ। ਏਅਰ ਕੈਨੇਡਾ ਕਈ ਮਾਰਗਾਂ 'ਤੇ ਉਡਾਣਾਂ ਨੂੰ ਘਟਾ ਦਿੱਤਾ ਅਤੇ ਕੁਝ ਲਈ ਇਨ੍ਹਾਂ ਨੂੰ ਮੁਲਤਵੀ ਕੀਤਾ ਹੈ। ਗੌਰਤਲਬ ਹੈ ਕਿ ਕੈਨੇਡਾ ਦੇ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਤਾਲਾਬੰਦੀ ਤੇ ਯਾਤਰਾ 'ਤੇ ਪਾਬੰਦੀ ਦਾ ਸਾਹਮਣਾ ਕਰ ਰਹੇ ਹਨ।