‘ਜ਼ੋਮੈਟੋ ਨੇ ਅਮਰੀਕਾ ਤੋਂ ਬਾਅਦ ਹੁਣ ਬ੍ਰਿਟੇਨ, ਸਿੰਗਾਪੁਰ ’ਚ ਸਮੇਟਿਆ ਕਾਰੋਬਾਰ’
Sunday, Sep 05, 2021 - 11:35 AM (IST)
ਨਵੀਂ ਦਿੱਲੀ- ਆਨਲਾਈਨ ਫੂਡ ਡਲਿਵਰੀ ਲਈ ਮਸ਼ਹੂਰ ਜ਼ੋਮੈਟੋ ਨੇ ਬ੍ਰਿਟੇਨ ਅਤੇ ਸਿੰਗਾਪੁਰ ਤੋਂ ਆਪਣੇ ਕਾਰੋਬਾਰ ਨੂੰ ਸਮੇਟ ਲਿਆ ਹੈ। ਜ਼ੋਮੈਟੋ ਨੇ ਭਾਰਤੀ ਸ਼ੇਅਰ ਬਾਜ਼ਾਰ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਹੈ। ਕੰਪਨੀ ਮੁਤਾਬਕ ਬ੍ਰਿਟੇਨ ’ਚ ਸਬਸਿਡਰੀ ਜ਼ੋਮੈਟੋ ਯੂ. ਕੇ. ਲਿਮਟਿਡ (ਜ਼ੈੱਡ . ਯੂ . ਕੇ.) ਅਤੇ ਸਿੰਗਾਪੁਰ ’ਚ ਜ਼ੋਮੈਟੋ ਮੀਡੀਆ ਪ੍ਰਾਈਵੇਟ ਲਿਮਟਿਡ (ਜ਼ੈੱਡ. ਐੱਮ. ਪੀ. ਐੱਲ.) ਨੂੰ ਬੰਦ ਕਰ ਦਿੱਤਾ ਗਿਆ ਹੈ। ਜ਼ੋਮੈਟੋ ਨੇ ਦੱਸਿਆ ਕਿ ਬ੍ਰਿਟੇਨ ਅਤੇ ਸਿੰਗਾਪੁਰ ਦੀਆਂ ਸਹਾਇਕ ਕੰਪਨੀਆਂ ਉਸ ਦੇ ਕਾਰੋਬਾਰ ਲਈ ਮਹੱਤਵਪੂਰਣ ਨਹੀਂ ਸਨ।
ਇਨ੍ਹਾਂ ਦੇ ਬੰਦ ਹੋਣ ਨਾਲ ਜ਼ੋਮੈਟੋ ਦੇ ਕਾਰੋਬਾਰ ਜਾਂ ਮਾਲੀਏ ’ਤੇ ਕੋਈ ਅਸਰ ਨਹੀਂ ਪਵੇਗਾ। ਇਸ ਤੋਂ ਪਹਿਲਾਂ ਅਗਸਤ ’ਚ ਜ਼ੋਮੈਟੋ ਨੇ ਆਪਣੀ ਅਮਰੀਕੀ ਸਹਾਇਕ ਕੰਪਨੀ ਨੂੰ ਬੰਦ ਕਰ ਦਿੱਤਾ ਸੀ। ਉਥੇ ਹੀ, ਨੈਕਸਟੇਬਲ ਇੰਕ ’ਚ ਆਪਣੀ ਹਿੱਸੇਦਾਰੀ 1,00,000 ਡਾਲਰ ’ਚ ਵੇਚ ਦਿੱਤੀ ਸੀ। ਦੱਸਣਯੋਗ ਹੈ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਜ਼ੋਮੈਟੋ ਨੂੰ 360.7 ਕਰੋਡ਼ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਬੀਤੇ ਦਿਨੀਂ ਕੰਪਨੀ ਨੇ ਦੱਸਿਆ ਸੀ ਕਿ ਤਿਮਾਹੀ ’ਚ ਕੰਪਨੀ ਦਾ ਕੁੱਲ ਖਰਚਾ ਵੀ ਵਧਿਆ ਹੈ ਅਤੇ ਇਹ ਹੁਣ 1,259.7 ਕਰੋਡ਼ ਰੁਪਏ ਹੋ ਗਿਆ ਹੈ।
ਜੁਲਾਈ 'ਚ ਹੋਈ ਸੀ ਲਿਸਟਿੰਗ
ਜ਼ਿਕਰਯੋਗ ਹੈ ਕਿ ਭਾਰਤੀ ਸ਼ੇਅਰ ਬਾਜ਼ਾਰ ’ਚ ਜ਼ੋਮੈਟੋ ਦੀ ਲਿਸਟਿੰਗ ਜੁਲਾਈ ਦੇ ਮਹੀਨੇ ’ਚ ਹੋਈ ਸੀ। ਕੰਪਨੀ ਦਾ ਸ਼ੇਅਰ ਭਾਅ ਆਲ ਟਾਈਮ ਹਾਈ ’ਤੇ ਹੈ। ਲੰਘੇ ਸ਼ੁੱਕਰਵਾਰ ਨੂੰ 152 ਰੁਪਏ ਤੱਕ ਸ਼ੇਅਰ ਦਾ ਭਾਅ ਪਹੁੰਚ ਗਿਆ। ਹਾਲਾਂਕਿ, ਕਾਰੋਬਾਰ ਦੇ ਅੰਤ ’ਚ ਜ਼ੋਮੈਟੋ ਦਾ ਸ਼ੇਅਰ ਭਾਅ 149.65 ਰੁਪਏ ਜਾਂ 8.80 ਫੀਸਦੀ ਦੀ ਤੇਜ਼ੀ ਦੇ ਨਾਲ ਬੰਦ ਹੋਇਆ। ਜੇਕਰ ਮਾਰਕੀਟ ਕੈਪੀਟਲ ਦੀ ਗੱਲ ਕਰੀਏ ਤਾਂ ਇਹ 1,17,403 ਕਰੋਡ਼ ਰੁਪਏ ’ਤੇ ਪਹੁੰਚ ਗਈ ਹੈ।