ਜ਼ੀਰੋ ਬੈਲੇਂਸ ਅਕਾਊਂਟ ’ਤੇ RBI ਦਾ ਤੋਹਫਾ, 1 ਸਤੰਬਰ ਤੋਂ ਮਿਲੇਗਾ ਫਾਇਦਾ
Wednesday, Aug 07, 2019 - 01:10 AM (IST)

ਨਵੀਂ ਦਿੱਲੀ— ਮੋਦੀ ਸਰਕਾਰ ਨੇ ਦੇਸ਼ ਦੇ ਜ਼ਿਆਦਾਤਰ ਲੋਕਾਂ ਨੂੰ ਬੈਂਕਿੰਗ ਸੈਕਟਰ ਨਾਲ ਜੋੜਿਆ। ਜਨ-ਧਨ ਖਾਤਿਆਂ ਜ਼ਰੀਏ ਕਈ ਲੋਕਾਂ ਦਾ ਖਾਤਾ ਖੁੱਲ੍ਹਿਆ। ਹੁਣ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਵੀ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ (ਬੀ. ਐੱਸ. ਬੀ. ਡੀ.) ਖਾਤਾਧਾਰਕਾਂ ਲਈ ਇਕ ਤੋਹਫਾ ਦੇ ਰਿਹਾ ਹੈ। ਇਸ ਤੋਹਫੇ ਦਾ ਫਾਇਦਾ ਖਾਤਾਧਾਰਕਾਂ ਨੂੰ 1 ਸਤੰਬਰ ਤੋਂ ਮਿਲੇਗਾ। ਆਰ. ਬੀ. ਆਈ. ਇਕ ਗਾਈਡਲਾਈਨ ਲੈ ਕੇ ਆਇਆ ਹੈ। ਇਸ ਦੇ ਤਹਿਤ ਸਾਰੇ ਪ੍ਰਾਇਮਰੀ (ਸ਼ਹਿਰੀ) ਸਹਿਕਾਰੀ ਬੈਂਕਾਂ ’ਚ ਬੇਸਿਕ ਸੇਵਿੰਗ ਅਕਾਊਂਟਸ ਅਤੇ ਸਾਰੇ ਸੂਬਾਈ ਜਾਂ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਇਨ੍ਹਾਂ ਨਵੇਂ ਨਿਯਮਾਂ ਨੂੰ ਮੰਨਣਾ ਹੋਵੇਗਾ।
ਬੀ. ਐੱਸ. ਬੀ. ਡੀ. ਅਕਾਊਂਟ ਜ਼ੀਰੋ ਬੈਲੇਂਸ ਅਕਾਊਂਟ ਨੂੰ ਕਹਿੰਦੇ ਹਨ। ਇਹ ਇਕ ਤਰ੍ਹਾਂ ਦਾ ਬੱਚਤ ਖਾਤਾ ਹੈ, ਜਿਸ ’ਚ ਖਾਤਾਧਾਰਕ ਨੂੰ ਮੁਫਤ ’ਚ ਬੈਂਕਿੰਗ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਜ਼ੀਰੋ ਬੈਲੇਂਸ ਅਕਾਊਂਟ ’ਚ ਕਿੰਨਾ ਵੀ ਬਕਾਇਆ ਰੱਖੋ, ਇਸ ਦੀ ਕੋਈ ਹੱਦ ਨਹੀਂ ਹੁੰਦੀ। ਇਸ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜੁਰਮਾਨਾ ਨਹੀਂ ਲਾਇਆ ਜਾਂਦਾ। ਜ਼ੀਰੋ ਬੈਲੇਂਸ ਅਕਾਊਂਟ ਨੂੰ ਤੁਸੀਂ ਕਿਸੇ ਵੀ ਬੈਂਕ ’ਚ ਖੋਲ੍ਹ ਸਕਦੇ ਹੋ।
ਆਰ. ਬੀ. ਆਈ. ਨੇ ਬੀ. ਐੱਸ. ਬੀ. ਡੀ. ਅਕਾਊਂਟ ਨਾਲ ਜੁਡ਼ੀਆਂ ਸਹੂਲਤਾਂ ਨੂੰ ਬਦਲਣ ਦਾ ਫ਼ੈਸਲਾ ਲਿਆ ਹੈ। ਨਾਲ ਹੀ ਬੈਂਕਾਂ ਨੂੰ ਬੀ. ਐੱਸ. ਬੀ. ਡੀ. ਅਕਾਊਂਟ ’ਚ ਕੁਝ ਬੁਨਿਆਦੀ ਜ਼ਰੂਰੀ ਸਹੂਲਤਾਂ ਦੇਣ ਲਈ ਕਿਹਾ ਹੈ। ਆਰ. ਬੀ. ਆਈ. ਨੇ ਆਪਣੇ ਹੁਕਮ ’ਚ ਸਾਫ਼ ਤੌਰ ’ਤੇ ਕਿਹਾ ਹੈ ਕਿ ਬੀ. ਐੱਸ. ਬੀ. ਡੀ. ਅਕਾਊਂਟ ਨੂੰ ਸਾਰਿਆਂ ਲਈ ਮੌਜੂਦ ਸਾਧਾਰਨ ਬੈਂਕਿੰਗ ਸੇਵਾ ਮੰਨਿਆ ਜਾਵੇਗਾ। ਇਹ ਖਾਤੇ ਉਨ੍ਹਾਂ ਲੋਕਾਂ ਲਈ ਬਿਹਤਰ ਹਨ, ਜਿਨ੍ਹਾਂ ਦੇ ਖਾਤੇ ’ਚ ਘੱਟੋ-ਘੱਟ ਰਾਸ਼ੀ ਵੀ ਨਹੀਂ ਰਹਿੰਦੀ, ਇਸ ’ਚ ਸੀਮਤ ਟਰਾਂਜ਼ੈਕਸ਼ਨ ਵੀ ਹੁੰਦੇ ਹਨ।
ਜੇਕਰ ਤੁਹਾਡੇ ਕੋਲ ਬੱਚਤ ਖਾਤਾ ਹੈ ਅਤੇ ਤੁਸੀਂ ਜ਼ੀਰੋ ਬੈਲੇਂਸ ਅਕਾਊਂਟ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਜ਼ੀਰੋ ਬੈਲੇਂਸ ਅਕਾਊਂਟ ਖੋਲ੍ਹਣ ਤੋਂ 30 ਦਿਨਾਂ ਦੇ ਅੰਦਰ ਬੱਚਤ ਖਾਤਾ ਬੰਦ ਕਰਨਾ ਪਵੇਗਾ। ਨਾਲ ਹੀ ਬੈਂਕ ਨੂੰ ਲਿਖ ਕੇ ਦੇਣਾ ਪਵੇਗਾ ਕਿ ਤੁਹਾਡੇ ਕੋਲ ਕੋਈ ਵੀ ਜ਼ੀਰੋ ਬੈਲੇਂਸ ਅਕਾਊਂਟ ਨਹੀਂ ਹੈ।
1 ਸਤੰਬਰ ਤੋਂ ਕਿਹੜੀਆਂ ਮਿਲਣਗੀਆਂ ਸਹੂਲਤਾਂ
ਏ. ਟੀ. ਐੱਮ. ਜਾਂ ਕੈਸ਼ ਡਿਪਾਜ਼ਿਟ ਮਸ਼ੀਨਾਂ ਦੇ ਨਾਲ-ਨਾਲ ਬੈਂਕ ਦੀ ਬ੍ਰਾਂਚ ’ਚ ਨਕਦੀ ਜਮ੍ਹਾ ਕਰ ਸਕਦੇ ਹੋ। ਕਿਸੇ ਵੀ ਇਲੈਕਟ੍ਰਾਨਿਕ ਚੈਨਲ ਜ਼ਰੀਏ ਜਾਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਏਜੰਸੀਆਂ ਅਤੇ ਵਿਭਾਗਾਂ ਵੱਲੋਂ ਜਮ੍ਹਾ ਕੀਤੇ ਗਏ ਚੈੱਕ ਦੇ ਜਮ੍ਹਾ ਜਾਂ ਕੁਲੈਕਸ਼ਨ ਨਾਲ ਰਾਸ਼ੀ ਕੱਢ ਸਕਦੇ ਹੋ। ਇਕ ਮਹੀਨੇ ’ਚ ਚਾਹੇ ਜਿੰਨੀ ਵਾਰ ਪੈਸੇ ਕੱਢੋ, ਉਸ ਦੀ ਕੋਈ ਹੱਦ ਨਹੀਂ ਰਹੇਗੀ। ਏ. ਟੀ. ਐੱਮ. ਤੋਂ ਇਕ ਮਹੀਨੇ ’ਚ 4 ਵਾਰ ਪੈਸੇ ਕੱਢੇ ਜਾ ਸਕਦੇ ਹਨ। ਇਸ ਤੋਂ ਇਲਾਵਾ ਬੈਂਕ ਕਈ ਜ਼ਰੂਰੀ ਸਹੂਲਤਾਂ ਦਿੰਦਾ ਹੈ, ਜਿਸ ’ਚ ਫ੍ਰੀ ’ਚ ਚੈੱਕ ਬੁੱਕ ਜਾਰੀ ਕਰਣਾ ਵੀ ਸ਼ਾਮਲ ਹੈ।