ਇਨਕਮ ਟੈਕਸ ਵਿਚ ਕਟੌਤੀ ਲਈ ਫਰਵਰੀ ਤਕ ਕਰਨਾ ਪੈ ਸਕਦੈ ਇੰਤਜ਼ਾਰ!

10/19/2019 9:59:21 AM

ਨਵੀਂ ਦਿੱਲੀ— ਇਨਕਮ ਟੈਕਸ 'ਚ ਕਟੌਤੀ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਹੁਣ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਪਹਿਲਾਂ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਸਰਕਾਰ ਦਿਵਾਲੀ ਤੋਂ ਪਹਿਲਾਂ ਟੈਕਸ ਦਰਾਂ 'ਚ ਬਦਲਾਵ ਕਰ ਸਕਦੀ ਹੈ ਪਰ ਫਿਲਹਾਲ ਇਹ ਸੰਭਵ ਨਹੀਂ ਲੱਗ ਰਿਹਾ। ਇਸ ਦਾ ਕਾਰਨ ਹੈ ਕਿ ਸਰਕਾਰ ਨੂੰ ਕੋਈ ਵੀ ਕਟੌਤੀ ਕਰਨ ਤੋਂ ਪਹਿਲਾਂ ਰੈਵੇਨਿਊ ਤੇ ਟੈਕਸ ਵਸੂਲੀ ਦਾ ਮੁਲਾਂਕਣ ਕਰਨਾ ਹੋਵੇਗਾ।



ਉੱਥੇ ਹੀ, ਫਰਵਰੀ ਬਜਟ ਦੌਰਾਨ ਟੈਕਸ 'ਚ ਕਟੌਤੀ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਕਾਰਪੋਰੇਟ ਟੈਕਸ 'ਚ ਹੋਈ ਕਟੌਤੀ ਮਗਰੋਂ ਇਨਕਮ ਟੈਕਸ 'ਚ ਕਮੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਨਕਮ ਟੈਕਸ ਦਰਾਂ 'ਚ ਘੱਟੋ-ਘੱਟ 5 ਫੀਸਦੀ ਦੀ ਕਟੌਤੀ ਕੀਤੀ ਜਾ ਸਕਦੀ ਹੈ। 20 ਫੀਸਦੀ ਟੈਕਸ ਘਟਾ ਕੇ 10 ਫੀਸਦੀ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ 30 ਫੀਸਦੀ ਟੈਕਸ ਨੂੰ ਘਟਾ ਕੇ 25 ਫੀਸਦੀ ਕਰਨ ਦੀ ਸਿਫਾਰਸ਼ ਹੈ। ਹਾਲਾਂਕਿ, 2 ਕਰੋੜ ਰੁਪਏ ਤੋਂ ਵੱਧ 'ਤੇ 35 ਫੀਸਦੀ ਟੈਕਸ ਦੀ ਸਿਫਾਰਸ਼ ਕੀਤੀ ਗਈ ਹੈ। ਇਨਕਮ ਟੈਕਸ ਦਰਾਂ 'ਚ ਕਮੀ ਦਾ ਮੁੱਖ ਮਕਸਦ ਸੁਸਤ ਇਕਨੋਮਿਕ ਰਫਤਾਰ 'ਚ ਜਾਨ ਭਰਨ ਲਈ ਖਪਤ ਨੂੰ ਵਧਾਉਣਾ ਹੈ। ਹਾਲਾਂਕਿ, ਇਨਕਮ ਟੈਕਸ ਦਰਾਂ 'ਚ ਕਟੌਤੀ ਲਈ ਹੁਣ ਬਜਟ ਤਕ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਇਨਕਮ ਟੈਕਸ ਦੀ ਮੌਜੂਦਾ ਦਰਾਂ ਤਹਿਤ 2.5 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਹੈ। 2.5 ਤੋਂ 5 ਲੱਖ ਰੁਪਏ ਤਕ ਦੀ ਆਮਦਨ 'ਤੇ 5 ਫੀਸਦੀ ਅਤੇ 5 ਤੋਂ 10 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ 20 ਫੀਸਦੀ ਟੈਕਸ ਦਰ ਹੈ। 10 ਲੱਖ ਰੁਪਏ ਤੋਂ ਵਧ ਦੀ ਸਾਲਾਨਾ ਆਮਦਨ 'ਤੇ 30 ਫੀਸਦੀ ਇਨਕਮ ਟੈਕਸ ਲੱਗਦਾ ਹੈ। ਇਸ ਤੋਂ ਇਲਾਵਾ 4 ਫੀਸਦੀ ਸੈੱਸ ਵੀ ਲੱਗਦਾ ਹੈ।


Related News