ਕਾਮਨ ਸਰਵਿਸ ਸੈਂਟਰ 'ਤੇ ਵੀ ਅਪਡੇਟ ਕਰਵਾ ਸਕਦੇ ਹੋ ਆਧਾਰ ਕਾਰਡ, UIDAI ਨੇ ਦਿੱਤੀ ਮਨਜ਼ੂਰੀ

Tuesday, Apr 28, 2020 - 01:01 PM (IST)

ਕਾਮਨ ਸਰਵਿਸ ਸੈਂਟਰ 'ਤੇ ਵੀ ਅਪਡੇਟ ਕਰਵਾ ਸਕਦੇ ਹੋ ਆਧਾਰ ਕਾਰਡ, UIDAI ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ - ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂ.ਆਈ.ਡੀ.ਏ.ਆਈ.) ਨੇ ਤਕਰੀਬਨ 20,000 ਸਾਂਝੇ ਸੇਵਾ ਕੇਂਦਰ(Common Service Centre), ਜਿਹੜੇ ਕਿ ਬੈਂਕਿੰਗ ਕਾਰਸਪੋਡੈਂਟ ਵਜੋਂ ਕੰਮ ਕਰਦੇ ਹਨ, ਉਨ੍ਹਾਂ ਨੂੰ ਲੋਕਾਂ ਦੇ ਆਧਾਰ ਵੇਰਵੇ ਨੂੰ ਅਪਡੇਟ ਕਰਨ ਦੀ ਆਗਿਆ ਦਿੱਤੀ ਹੈ। ਇਨ੍ਹਾਂ ਸੈਂਟਰਾਂ 'ਤੇ ਆਧਾਰ ਅਪਡੇਟ ਲਈ ਸਿਸਟਮ ਤਿਆਰ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਯੂਆਈਡੀਏਆਈ(UIDAI) ਨੇ ਸੀ.ਐਸ.ਸੀ. ਨੂੰ ਦਿੱਤੀ ਆਗਿਆ 

ਯੂ.ਆਈ.ਡੀ.ਏ.ਆਈ. ਨੇ ਸੀ.ਐਸ.ਸੀ. ਦੀ ਈ-ਗਵਰਨੈਂਸ ਸਰਵਿਸਿਜ਼ ਦੇ ਸੀ.ਈ.ਓ. ਦਿਨੇਸ਼ ਤਿਆਗੀ ਨੂੰ ਇੱਕ ਪੱਤਰ ਵਿਚ ਲਿਖਿਆ ਹੈ ਕਿ ਸਿਰਫ ਡੈਮੋਗ੍ਰਾਫਿਕ ਅਪਡੇਟ ਸਹੂਲਤ ਦੀ ਆਗਿਆ ਹੋਵੇਗੀ। ਸੈਂਟਰ ਓਪਰੇਟਰ ਅਤੇ ਆਧਾਰ ਉਪਭੋਗਤਾਵਾਂ ਦੀ ਪਛਾਣ ਫਿੰਗਰਪ੍ਰਿੰਟ ਅਤੇ ਅੱਖ ਦੀਆਂ ਪੁਤਲੀਆਂ ਦੇ ਜ਼ਰੀਏ ਕੀਤੀ ਜਾਏਗੀ।

ਯੂ.ਆਈ.ਡੀ.ਏ.ਆਈ. ਨੇ ਕਿਹਾ ਕਿ ਇਸ ਦੇ ਲਈ ਜੂਨ ਦੇ ਅੰਤ ਤੱਕ ਸਿਸਟਮ ਦੇ ਤਿਆਰ ਹੋਣ ਦੀ ਉਮੀਦ ਹੈ। ਬੱਚਿਆਂ ਦੇ ਬਾਇਓਮੈਟ੍ਰਿਕ ਵੇਰਵਿਆਂ ਨੂੰ ਸੀ.ਐਸ.ਸੀ. ਤੋਂ ਅਪਡੇਟ ਕੀਤਾ ਜਾਵੇਗਾ ਅਤੇ ਪਤੇ ਵਿਚ ਬਦਲਾਅ ਵੀ ਹੋ ਸਕੇਗਾ।

ਸੂਚਨਾ ਤਕਨਾਲੋਜੀ (ਆਈ. ਟੀ.) ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਆਈ.ਟੀ. ਰਾਜ ਮੰਤਰੀ ਸੰਜੇ ਧੋਤਰੇ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਯੂ.ਆਈ.ਡੀ.ਏ.ਆਈ. ਜ਼ਰੀਏ ਸੀ.ਐਸ.ਸੀ. ਨੂੰ ਮਨਜ਼ੂਰੀ ਬਾਰੇ ਜਾਣਕਾਰੀ ਦਿੱਤੀ।

 

ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੀ.ਐਸ.ਸੀ. ਦੇ ਸੰਚਾਲਕ ਯੂ.ਆਈ.ਡੀ.ਏ.ਆਈ. ਦੇ ਨਿਰਦੇਸ਼ਾਂ ਅਨੁਸਾਰ ਆਧਾਰ ਕਾਰਜ ਸ਼ੁਰੂ ਕਰਨ।
ਪ੍ਰਸਾਦ ਨੇ ਕਿਹਾ, 'ਮੈਨੂੰ ਯਕੀਨ ਹੈ ਕਿ ਇਹ ਸਹੂਲਤ ਵੱਡੀ ਗਿਣਤੀ ਪੇਂਡੂ ਨਾਗਰਿਕਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਦੇ ਨੇੜੇ ਆਧਾਰ ਸੇਵਾ ਮੁਹੱਈਆ ਕਰਵਾਉਣ ਵਿਚ ਸਹਾਇਤਾ ਕਰੇਗੀ।'

ਦੇਸ਼ ਭਰ ਵਿਚ 2.74 ਲੱਖ ਤੋਂ ਵੱਧ ਸੀ.ਐਸ.ਸੀ. ਕੰਮ ਕਰ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਪੇਂਡੂ ਖੇਤਰਾਂ ਵਿਚ ਕਈ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਪ੍ਰਦਾਨ ਕਰਨਾ ਹੈ।
 


author

Harinder Kaur

Content Editor

Related News