ਤੁਸੀਂ ਵੀ ਭਰਨੀ ਹੈ ਜੀ. ਐੱਸ. ਟੀ. ਰਿਟਰਨ, ਤਾਂ ਇੰਝ ਕਰ ਸਕਦੇ ਹੋ ਫਾਇਲ

Friday, Aug 11, 2017 - 10:56 AM (IST)

ਤੁਸੀਂ ਵੀ ਭਰਨੀ ਹੈ ਜੀ. ਐੱਸ. ਟੀ. ਰਿਟਰਨ, ਤਾਂ ਇੰਝ ਕਰ ਸਕਦੇ ਹੋ ਫਾਇਲ

ਜਲੰਧਰ— ਜੀ. ਐੱਸ. ਟੀ. ਅਧੀਨ ਰਜਿਸਟਰਡ ਆਮ ਟੈਕਸਦਾਤਾ (ਕੰਪੋਜ਼ਿਟ ਡੀਲਰ ਨੂੰ ਛੱਡ ਕੇ) ਨੂੰ ਮਹੀਨੇ ਵਿਚ 3 ਰਿਟਰਨਾਂ ਫਾਈਲ ਕਰਨੀਆਂ ਜ਼ਰੂਰੀ ਹਨ। ਪਹਿਲੀ ਰਿਟਰਨ ਜੀ. ਐੱਸ. ਟੀ.ਆਰ.-1 ਹੈ, ਜੋ ਵਿਕਰੀ ਦੀ ਰਿਟਰਨ ਹੈ। ਇਹ ਰਿਟਰਨ ਮਹੀਨਾ ਖਤਮ ਹੋਣ ਤੋਂ ਬਾਅਦ 10 ਦਿਨ ਅੰਦਰ ਫਾਈਲ ਕੀਤੀ ਜਾਣੀ ਜ਼ਰੂਰੀ ਹੈ ਭਾਵ ਜੁਲਾਈ ਦੀ ਰਿਟਰਨ ਤੁਹਾਨੂੰ 10 ਅਗਸਤ ਤਕ ਫਾਈਲ ਕਰਨੀ ਜ਼ਰੂਰੀ ਸੀ। ਇਸੇ ਤਰ੍ਹਾਂ ਜੀ. ਐੱਸ. ਟੀ. ਆਰ.-2 ਰਿਟਰਨ ਭਾਵ ਖਰੀਦ ਦੀ ਰਿਟਰਨ ਤੁਹਾਨੂੰ ਮਹੀਨਾ ਖਤਮ ਹੋਣ ਤੋਂ 15 ਦਿਨ ਅੰਦਰ ਫਾਈਲ ਕਰਨੀ ਹੋਵੇਗੀ। ਜੁਲਾਈ ਦੀ ਰਿਟਰਨ ਤੁਹਾਨੂੰ 15 ਅਗਸਤ ਤਕ ਫਾਈਲ ਕਰਨੀ ਹੋਵੇਗੀ। ਤੀਜੀ ਰਿਟਰਨ ਜੀ. ਐੱਸ. ਟੀ.ਆਰ-3 ਹੈ। ਇਹ ਫਾਈਨਲ ਰਿਟਰਨ ਹੈ। ਇਸ ਵਿਚ ਖਰੀਦ ਅਤੇ ਵਿਕਰੀ ਦਰਮਿਆਨ ਦੇ ਫਰਕ 'ਤੇ ਲੱਗਣ ਵਾਲਾ ਜੀ.ਐੱਸ. ਟੀ. ਕੱਢ ਕੇ ਰਿਟਰਨ ਫਾਈਲ ਕਰਨੀ ਹੋਵੇਗੀ ਅਤੇ ਟੈਕਸ ਅਦਾ ਕਰਨਾ ਪਏਗਾ। ਮਹੀਨਾ ਖਤਮ ਹੋਣ ਤੋਂ 20 ਦਿਨ ਅੰਦਰ ਇਸਨੂੰ ਫਾਈਲ ਕਰਨਾ ਹੋਵੇਗਾ। ਭਾਵ ਜੁਲਾਈ ਦੀ ਰਿਟਰਨ 20 ਅਗਸਤ ਤਕ ਫਾਈਲ ਕਰਨੀ ਹੋਵੇਗੀ। —ਸੀ. ਏ. ਅਸ਼ਵਨੀ ਜਿੰਦਲ।
ਮਹੀਨਿਆਂ ਲਈ ਜੀ. ਐੱਸ. ਟੀ.-ਬੀ ਦਾ ਮਿਲਿਆ ਬਦਲ
ਸਰਕਾਰ ਨੇ ਇਹ ਪ੍ਰਬੰਧ ਕੀਤਾ ਹੈ ਕਿ ਜਦੋਂ ਵੀ ਰਿਟਰਨ ਫਾਈਲ ਕਰਨ ਦੀ ਮਿਤੀ ਵਧਾਈ ਜਾਏਗੀ ਤਾਂ ਕਾਰੋਬਾਰੀਆਂ ਨੂੰ ਆਮ ਤੌਰ 'ਤੇ ਫਾਈਲ ਕੀਤੀਆਂ ਜਾਣ ਵਾਲੀਆਂ 3 ਰਿਟਰਨਾਂ ਦੇ ਨਾਲ-ਨਾਲ ਜੀ. ਐੱਸ. ਆਰ.-3-ਬੀ ਨੂੰ ਫਾਈਲ ਕਰਨਾ ਹੋਵੇਗਾ। 
ਇਹ ਰਿਟਰਨ ਤੁਹਾਡੀ ਸੇਲ ਅਤੇ ਪ੍ਰਚੇਜ਼ ਦੀ ਸਮਰੀ ਹੋਵੇਗੀ। ਭਾਵ ਇਸ ਵਿਚ ਖਰੀਦਿਆ ਗਿਆ ਕੁਲ ਮਾਲ ਅਤੇ ਉਸ 'ਤੇ ਲੱਗਣ ਵਾਲਾ ਟੈਕਸ, ਵੇਚਿਆ ਗਿਆ ਮਾਲ ਅਤੇ ਉਸ 'ਤੇ ਲੱਗਣ ਵਾਲੇ ਟੈਕਸ ਦੇ ਨਾਲ-ਨਾਲ ਰਿਵਰਸ ਚਾਰਜ ਵਿਚ ਖਰੀਦਿਆ ਗਿਆ ਮਾਲ ਅਤੇ ਉਸ 'ਤੇ ਲੱਗਣ ਵਾਲੇ ਟੈਕਸ ਦੇ ਨਾਲ-ਨਾਲ ਜੀ. ਐੱਸ. ਟੀ. ਦੇ ਘੇਰੇ 'ਚੋਂ ਬਾਹਰ ਰੱਖੇ ਗਏ ਸਾਮਾਨ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਇਲਾਵਾ ਜੇ ਤੁਹਾਡਾ ਕੋਈ ਟੈਕਸ ਬਣਦਾ ਹੈ ਤਾਂ ਤੁਹਾਨੂੰ ਉਹ ਜਮ੍ਹਾ ਕਰਵਾਉਣਾ ਹੋਵੇਗਾ ਪਰ ਇਸ ਰਿਟਰਨ ਰਾਹੀਂ ਤੁਸੀਂ ਰਿਫੰਡ ਦਾ ਦਾਅਵਾ ਨਹੀਂ ਕਰ ਸਕਦੇ।
ਜੇ ਵੈਟ ਅਤੇ ਸਰਵਿਸ ਟੈਕਸ ਵਿਚ ਤੁਹਾਡਾ ਕੈਰੀ ਫਾਰਵਰਡ ਕ੍ਰੈਡਿਟ ਪਿਆ ਹੈ ਤਾਂ ਵੀ ਇਸ ਰਿਟਰਨ ਰਾਹੀਂ ਇਸਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਇਹ ਤੁਹਾਨੂੰ ਟਰਾਂਸ-1 ਫਾਰਮ ਭਰਨ ਤੋਂ ਬਾਅਦ ਆਮ ਰਿਟਰਨ ਵਿਚ ਹੀ ਮਿਲ ਜਾਏਗਾ। ਜੁਲਾਈ ਦੀ ਜੀ. ਐੱਸ. ਟੀ. ਆਰ.-3-ਬੀ ਰਿਟਰਨ 20 ਅਗਸਤ ਤਕ ਫਾਈਲ ਕੀਤੀ ਜਾਣੀ ਜ਼ਰੂਰੀ ਹੈ। ਜਦੋਂਕਿ ਅਗਸਤ ਦੀ ਜੀ. ਐੱਸ. ਟੀ. ਆਰ.-3-ਬੀ ਰਿਟਰਨ 20 ਸਤੰਬਰ ਤਕ ਫਾਈਲ ਕਰਨੀ ਜ਼ਰੂਰੀ ਹੈ। ਅਕਤੂਬਰ ਤੋਂ ਤੁਹਾਨੂੰ ਆਮ ਢੰਗ ਨਾਲ ਮਹੀਨੇ ਵਿਚ 3 ਰਿਟਰਨਾਂ ਹੀ ਭਰਨੀਆਂ ਪੈਣਗੀਆਂ।
ਕੀ ਜਾਣਕਾਰੀ ਦੇਣੀ ਹੋਵੇਗੀ?
ਜੀ. ਐੱਸ. ਟੀ. ਆਰ.-3-ਬੀ ਤੁਹਾਡਾ ਕਾਰੋਬਾਰੀ ਲੈਣ-ਦੇਣ ਦਾ ਮਹੀਨੇ ਭਰ ਦਾ ਨਿਚੋੜ ਹੈ। ਇਸ ਵਿਚ ਤੁਹਾਨੂੰ ਵਿਕਰੀ ਅਤੇ ਵੇਚੇ ਗਏ ਸਾਮਾਨ ਦੀ ਕੁਲ ਕੀਮਤ ਅਤੇ ਉਸ 'ਤੇ ਵੱਖ-ਵੱਖ ਬਣਦਾ ਆਈ. ਜੀ. ਐੱਸ. ਟੀ., ਸੀ. ਜੀ. ਐੱਸ. ਟੀ. , ਐੱਸ. ਜੀ. ਐੱਸ. ਟੀ. ਅਤੇ ਸੈੱਸ ਵੱਖਰਾ-ਵੱਖਰਾ ਵਿਖਾਉਣਾ ਹੋਵੇਗਾ।
ਇਸ ਤੋਂ ਇਲਾਵਾ ਜ਼ੀਰੋ ਰੇਟਿਡ ਸਪਲਾਈ, ਨਿਲ ਅਤੇ ਟੈਕਸ ਦੇ ਘੇਰੇ ਤੋਂ ਬਾਹਰ ਵੇਚੇ ਗਏ ਸਾਮਾਨ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਰਿਵਰਸ-4 ਵਿਚ ਖਰੀਦਿਆ ਗਿਆ ਸਾਮਾਨ, ਉਸ ਦੀ ਕੁਲ ਕੀਮਤ ਅਤੇ ਉਸ 'ਤੇ ਬਣਦੇ ਟੈਕਸ ਦੀ ਗਿਣਤੀ ਹੋ ਜਾਏਗੀ। 
ਉਸ ਤੋਂ ਬਾਅਦ ਤੁਹਾਨੂੰ ਖਰੀਦੇ ਗਏ ਸਾਮਾਨ ਦੀ ਜਾਣਕਾਰੀ ਦੇਣੀ ਹੋਵੇਗੀ, ਜਿਸ ਦਾ ਤੁਹਾਨੂੰ ਕ੍ਰੈਡਿਟ ਮਿਲੇਗਾ। ਇਸ ਵਿਚ ਤੁਹਾਨੂੰ ਗੈਰ ਯੋਗ ਇਨਪੁਟ ਟੈਕਸ ਕ੍ਰੈਡਿਟ ਰਿਵਰਸ ਕਰਨੇ ਹੋਣਗੇ। ਉਸ ਤੋਂ ਬਾਅਦ ਤੁਹਾਡਾ ਕੁਲ ਦੇਣ ਯੋਗ ਟੈਕਸ ਨਿਕਲੇਗਾ ਜੋ ਤੁਹਾਨੂੰ ਜਮ੍ਹਾ ਕਰਵਾਉਣਾ ਹੋਵੇਗਾ। ਉਸਦਾ ਵੇਰਵਾ ਜੀ. ਐੱਸ. ਟੀ. ਆਰ.-3-ਬੀ ਰਿਟਰਨ ਵਿਚ ਭਰਨਾ ਹੋਵੇਗਾ।
ਰਿਟਰਨ ਦੀਆਂ ਆਮ ਮਿਤੀਆਂ
ਜੀ. ਐੱਸ. ਟੀ. ਆਰ.1
(ਵਿਕਰੀ ਦੀ ਰਿਟਰਨ)
* ਮਹੀਨੇ ਖਤਮ ਹੋਣ ਤੋਂ 10 ਦਿਨ ਅੰਦਰ
ਜੀ. ਐੱਸ. ਟੀ. ਆਰ.2
(ਖਰੀਦ ਦੀ ਰਿਟਰਨ)
* ਮਹੀਨਾ ਖਤਮ ਹੋਣ ਤੋਂ 15 ਦਿਨ ਅੰਦਰ
ਜੀ. ਐੱਸ. ਟੀ. ਆਰ.3
(ਫਾਈਨਲ ਰਿਟਰਨ)
* ਮਹੀਨਾ ਖਤਮ ਹੋਣ ਤੋਂ 20 ਦਿਨ ਅੰਦਰ
2 ਮਹੀਨਿਆਂ ਲਈ ਰਿਟਰਨ ਦੀਆਂ ਇਹ ਮਿਤੀਆਂ
ਸਰਕਾਰ ਦੀ ਆਪਣੀ ਤਿਆਰੀ ਅਧੂਰੀ ਹੋਣ ਕਾਰਨ ਫਿਲਹਾਲ ਸਰਕਾਰ ਨੇ ਇਨ੍ਹਾਂ ਰਿਟਰਨਾਂ ਦੀ ਮਿਤੀ ਵਧਾ ਦਿੱਤੀ ਹੈ। ਸਰਕਾਰ ਨੇ ਜੁਲਾਈ ਅਤੇ ਅਗਸਤ ਮਹੀਨੇ ਦੀ ਰਿਟਰਨ ਦੀ ਮਿਤੀ ਵਿਚ ਕਾਰੋਬਾਰੀਆਂ ਨੂੰ ਰਾਹਤ ਦਿੱਤੀ ਹੈ। ਨਵੇਂ ਨਿਯਮਾਂ ਮੁਤਾਬਕ ਇਨ੍ਹਾਂ ਦੋਹਾਂ ਮਹੀਨਿਆਂ ਦੀਆਂ ਰਿਟਰਨਾਂ ਹੁਣ ਤੁਹਾਨੂੰ ਸਤੰਬਰ ਮਹੀਨੇ ਵਿਚ ਹੀ ਦਾਇਰ ਕਰਨੀਆਂ ਹੋਣਗੀਆਂ।  ਨਵੀਆਂ ਮਿਤੀਆਂ ਇਸ ਤਰ੍ਹਾਂ ਹਨ।
ਮਹੀਨਾ-ਜੁਲਾਈ
ਜੀ. ਐੱਸ. ਟੀ. ਆਰ.1-5 ਸਤੰਬਰ
ਜੀ. ਐੱਸ. ਟੀ. ਆਰ.2-10 ਸਤੰਬਰ
ਜੀ. ਐੱਸ. ਟੀ. ਆਰ.3-15 ਸਤੰਬਰ
ਮਹੀਨਾ-ਅਗਸਤ
ਜੀ. ਐੱਸ. ਟੀ. ਆਰ.1-20 ਸਤੰਬਰ
ਜੀ. ਐੱਸ. ਟੀ. ਆਰ.2-25 ਸਤੰਬਰ
ਜੀ. ਐੱਸ. ਟੀ. ਆਰ.3-30 ਸਤੰਬਰ


Related News