ਖੁਸ਼ਖਬਰੀ! ਯੈੱਸ ਬੈਂਕ ਤੋਂ ਰੋਕ ਹਟਾਉਣ ਜਾ ਰਿਹੈ RBI, ਕਢਾ ਸਕੋਗੇ ਪੂਰੇ ਪੈਸੇ

Sunday, Mar 15, 2020 - 07:44 AM (IST)

ਨਵੀਂ ਦਿੱਲੀ— ATM 'ਚੋਂ ਡੈਬਿਟ ਕਾਰਡ ਨਾਲ ਪੈਸੇ ਕਢਵਾਉਣ ਦੀ ਰਾਹਤ ਮਿਲਣ ਪਿੱਛੋਂ ਯੈੱਸ ਬੈਂਕ ਗਾਹਕਾਂ ਨੂੰ ਜਲਦ ਹੀ ਇਕ ਹੋਰ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ। ਸਰਕਾਰ ਨੇ ਯੈੱਸ ਬੈਂਕ ਦੀ ਪੁਨਰਗਠਨ ਯੋਜਨਾ ਨੂੰ ਨੋਟੀਫਾਈਡ ਕਰ ਦਿੱਤਾ ਹੈ। ਹੁਣ ਖਾਤੇ 'ਚੋਂ ਪੈਸੇ ਕਢਵਾਉਣ 'ਤੇ ਲੱਗੀ ਪਾਬੰਦੀ ਹਟਣ ਜਾ ਰਹੀ ਹੈ। ਹੁਣ ਤੱਕ ਯੈੱਸ ਬੈਂਕ ਖਾਤਾਧਾਰਕ ਖਾਤੇ 'ਚੋਂ ਸਿਰਫ 50 ਹਜ਼ਾਰ ਰੁਪਏ ਹੀ ਕਢਵਾ ਸਕਦੇ ਹਨ ਪਰ ਹੁਣ ਇਹ ਰੋਕ ਖਤਮ ਹੋ ਜਾਵੇਗੀ। ਸਰਕਾਰ ਨੇ ਯੈੱਸ ਬੈਂਕ ਦੀ ਪੁਨਰਗਠਨ ਯੋਜਨਾ ਨੂੰ ਨੋਟੀਫਾਈਡ ਕਰਕੇ ਜਾਣਕਾਰੀ ਦਿੱਤੀ ਹੈ ਕਿ ਤਿੰਨ ਕੰਮਕਾਜੀ ਦਿਨਾਂ 'ਚ ਖਾਤੇ 'ਚੋਂ ਪੈਸੇ ਕਢਵਾਉਣ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਜਾਵੇਗੀ।

 

ਇਸ ਦਿਨ ਤੋਂ ਕਢਾ ਸਕੋਗੇ ਖੁੱਲ੍ਹੇ ਪੈਸੇ-
ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਮਗਰੋਂ ਯੈੱਸ ਬੈਂਕ ਜਮ੍ਹਾ ਕਰਤਾਵਾਂ 'ਤੇ ਪੈਸੇ ਕਢਵਾਉਣ ਦੀ ਲਗਾਈ ਗਈ ਲਿਮਟ ਤੀਜੇ ਕੰਮਕਾਜੀ ਦਿਨ ਸ਼ਾਮ 6 ਵਜੇ ਹਟਾ ਲਈ ਜਾਵੇਗੀ, ਜਿਸ ਦੀ ਪੁਸ਼ਟੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ੍ਹ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤੀ ਸੀ। 18 ਮਾਰਚ ਨੂੰ ਸ਼ਾਮ 6 ਵਜੇ ਯੈੱਸ ਬੈਂਕ 'ਤੇ ਪਾਬੰਦੀ ਹਟਾਈ ਜਾ ਸਕਦੀ ਹੈ ਅਤੇ ਗਾਹਕਾਂ ਨੂੰ ਨਿਕਾਸੀ ਦੀ ਛੋਟ ਮਿਲ ਸਕਦੀ ਹੈ। ਯੈੱਸ ਬੈਂਕ ਨੂੰ ਉਭਾਰਨ ਲਈ ਐੱਸ. ਬੀ. ਆਈ. ਇਸ 'ਚ 49 ਫੀਸਦੀ ਹਿੱਸੇਦਾਰੀ ਲਵੇਗਾ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਤੋਂ ਇਲਾਵਾ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਵੀ ਇਸ 'ਚ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਆਈ. ਸੀ. ਆਈ. ਸੀ. ਆਈ. ਯੈੱਸ ਬੈਂਕ 'ਚ 10 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ 1,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ, ਇਸ ਨਿਵੇਸ਼ ਨਾਲ ਆਈ. ਸੀ. ਆਈ. ਸੀ. ਆਈ. ਬੈਂਕ ਦੀ ਯੈੱਸ ਬੈਂਕ 'ਚ 5 ਫੀਸਦੀ ਹਿੱਸੇਦਾਰੀ ਹੋ ਜਾਵੇਗੀ।


Related News