ਰੋਜ਼ੀ-ਰੋਟੀ ਲਈ ਜਾਣਾ ਚਾਹੁੰਦੇ ਹੋ ਇਨ੍ਹਾਂ ਦੇਸ਼ਾਂ ''ਚ, ਤਾਂ ਜ਼ਰੂਰ ਪੜ੍ਹੋ ਇਹ ਖਬਰ!
Monday, Jul 24, 2017 - 09:10 AM (IST)

ਨਵੀਂ ਦਿੱਲੀ— ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਚਲਾਉਣ ਲਈ ਬਹੁਤ ਸਾਰੇ ਭਾਰਤੀ ਹਰ ਸਾਲ ਬਾਹਰਲੇ ਮੁਲਕਾਂ ਦਾ ਰੁਖ਼ ਕਰਦੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਕੁਝ ਦੇਸ਼ਾਂ 'ਚ ਰੁਜ਼ਗਾਰ ਦੇ ਮੌਕੇ ਘੱਟ ਹੋਣ ਨਾਲ ਕਈ ਲੋਕਾਂ ਨੂੰ ਵਾਪਸ ਭਾਰਤ ਵੀ ਆਉਣਾ ਪਿਆ ਹੈ। ਕੰਮ ਦੀ ਤਲਾਸ਼ 'ਚ ਖਾੜੀ ਦੇਸ਼ਾਂ 'ਚ ਪ੍ਰਵਾਸ ਕਰਨ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਪਿਛਲੇ ਕੁਝ ਸਾਲਾਂ 'ਚ ਘਟੀ ਹੈ। ਸਾਲ 2014 ਤੋਂ 2016 ਵਿਚਕਾਰ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਖਾੜੀ ਦੇਸ਼ਾਂ 'ਚ ਆਈ ਮੰਦੀ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ। ਖਾੜੀ ਦੇਸ਼ਾਂ ਦੀ ਅਰਥ ਵਿਵਸਥਾ ਬਹੁਤ ਹੱਦ ਤਕ ਕੱਚੇ ਤੇਲ 'ਤੇ ਨਿਰਭਰ ਹੈ।
ਖਾੜੀ ਦੇਸ਼ਾਂ 'ਚ ਘਟੀ ਭਾਰਤੀਆਂ ਦੀ ਰੁਚੀ
ਅਧਿਕਾਰਤ ਅੰਕੜਿਆਂ ਮੁਤਾਬਕ ਖਾੜੀ ਦੇਸ਼ਾਂ 'ਚ ਜਾਣ ਵਾਲੇ ਭਾਰਤੀ ਵਰਕਰਾਂ ਦੀ ਗਿਣਤੀ ਸਾਲ 2014 'ਚ 7 ਲੱਖ 75 ਹਜ਼ਾਰ 845 ਸੀ, ਜੋ ਕਿ ਸਾਲ 2016 'ਚ ਘੱਟ ਹੋ ਕੇ 5 ਲੱਖ 7 ਹਜ਼ਾਰ 296 ਹੋ ਗਈ। ਅੱਤਵਾਦੀ ਸੰਗਠਨ ਵੱਲੋਂ ਇਰਾਕ ਅਤੇ ਸੀਰੀਆ 'ਚ ਮਚਾਈ ਗਈ ਤਬਾਹੀ ਕਾਰਨ ਆਈ ਅਸਥਿਰਤਾ ਤੋਂ ਬਾਅਦ ਲੋਕਾਂ ਦੀ ਰਾਇ ਇਸ ਪੂਰੇ ਖੇਤਰ ਨੂੰ ਲੈ ਕੇ ਹੀ ਬਦਲ ਗਈ ਹੈ। ਖਾੜੀ ਦੇਸ਼ਾਂ 'ਚ ਪ੍ਰਵਾਸ ਕਰਨ ਵਾਲੇ ਭਾਰਤੀ ਵਰਕਰਾਂ ਦੀ ਗਿਣਤੀ 'ਚ ਕਮੀ ਆਉਣ ਕਾਰਨ ਇਨ੍ਹਾਂ ਦੇਸ਼ਾਂ ਤੋਂ ਭਾਰਤ ਭੇਜੀ ਜਾਣ ਵਾਲੇ ਪੈਸੇ ਵੀ ਪ੍ਰਭਾਵਿਤ ਹੋਏ ਹਨ। ਹਾਲਾਂਕਿ ਇਸ ਦਾ ਕੋਈ ਸਪੱਸ਼ਟ ਅੰਕੜਾ ਨਹੀਂ ਹੈ ਪਰ ਭਾਰਤ 'ਚ ਵਿਦੇਸ਼ਾਂ ਤੋਂ ਆਉਣ ਵਾਲੀ ਕੁੱਲ ਧਨ ਰਾਸ਼ੀ ਸਾਲ 2014-15 ਵਿਚਕਾਰ 69 ਹਜ਼ਾਰ 819 ਮਿਲੀਅਨ ਡਾਲਰ ਸੀ, ਜੋ 2015-16 'ਚ ਘੱਟ ਕੇ 65 ਹਜ਼ਾਰ 592 ਮਿਲੀਅਨ ਡਾਲਰ ਰਹਿ ਗਈ।
ਸਾਊਦੀ ਜਾਣ ਵਾਲਿਆਂ ਦੀ ਗਿਣਤੀ 50 ਫੀਸਦੀ ਡਿੱਗੀ
ਸਾਊਦੀ ਅਰਬ ਜਾਣ ਵਾਲਿਆਂ ਦੀ ਗਿਣਤੀ 'ਚ ਸਭ ਤੋਂ ਜ਼ਿਆਦਾ ਗਿਰਾਵਟ ਆਈ ਹੈ। ਸਾਲ 2014 'ਚ ਜਿੱਥੇ 2 ਲੱਖ 39 ਹਜ਼ਾਰ 882 ਭਾਰਤੀ ਸਾਊਦੀ ਗਏ, ਉੱਥੇ ਹੀ ਸਾਲ 2016 'ਚ ਸਿਰਫ 1 ਲੱਖ 65 ਹਜ਼ਾਰ 356 ਭਾਰਤੀ ਹੀ ਸਾਊਦੀ ਅਰਬ ਗਏ। ਯਾਨੀ ਲਗਭਗ 50 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਦਾ ਇਕ ਵੱਡਾ ਕਾਰਨ ਸਾਊਦੀ 'ਚ ਤੇਲ ਦੀਆਂ ਕੀਮਤਾਂ ਡਿੱਗਣ ਦੇ ਬਾਅਦ ਆਈ ਆਰਥਿਕ ਮੰਦੀ ਵੀ ਹੈ ਪਰ ਪਿਛਲੇ ਕੁਝ ਸਾਲਾਂ 'ਚ ਸਾਊਦੀ ਅਰਬ ਵੀ ਉਸ ਨੀਤੀ 'ਤੇ ਕੰਮ ਕਰ ਰਿਹਾ ਹੈ, ਜਿਸ ਤਹਿਤ ਵਿਦੇਸ਼ੀਆਂ ਤੋਂ ਜ਼ਿਆਦਾ ਆਪਣੇ ਨਾਗਰਿਕਾਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਸਰਕਾਰ ਦੀ ਆਮਦਨ ਵਧਾਉਣ ਲਈ ਸਾਊਦੀ ਨੇ ਕਈ ਤਰ੍ਹਾਂ ਦੇ ਟੈਕਸ ਵੀ ਵਸੂਲਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ 'ਚੋਂ ਇਕ ਟੈਕਸ ਇਸੇ ਸਾਲ 1 ਜੁਲਾਈ ਤੋਂ ਲਾਗੂ ਹੋਇਆ ਹੈ। ਜਿਸ ਤਹਿਤ ਹੁਣ ਉੱਥੇ ਰਹਿਣ ਵਾਲੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਪਰਿਵਾਰ ਨੂੰ ਨਾਲ ਰੱਖਣਾ ਭਾਰੀ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਹਰ ਨਿਰਭਰ ਮੈਂਬਰ ਲਈ ਟੈਕਸ ਦੇ ਤੌਰ 'ਤੇ 100 ਰੀਆਲ ਯਾਨੀ ਲਗਭਗ 1700 ਰੁਪਏ ਹਰ ਮਹੀਨੇ ਅਦਾ ਕਰਨੇ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਫਿਲਹਾਲ 30 ਲੱਖ ਭਾਰਤੀ ਸਾਊਦੀ ਅਰਬ 'ਚ ਰਹਿ ਰਹੇ ਹਨ।
ਬਹਿਰੀਨ 'ਚੋਂ ਕੱਢੇ 700 ਵਰਕਰ
ਉੱਥੇ ਹੀ ਬਹਿਰੀਨ 'ਚ ਇਕ ਕੰਪਨੀ ਜਿੱਥੇ 1500 ਭਾਰਤੀ ਕਾਮੇ ਸਨ, ਨੇ ਇਕੋ ਵੇਲੇ 700 ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਹਾਲਾਂਕਿ ਕੰਪਨੀ ਆਰਥਿਕ ਸੰਕਟ ਕਾਰਨ ਇਨ੍ਹਾਂ ਲੋਕਾਂ ਨੂੰ ਵਾਪਸ ਦੇਸ਼ ਨਹੀਂ ਭੇਜ ਸਕੀ। ਇਨ੍ਹਾਂ ਸਭ ਘਟਨਾਵਾਂ ਨੂੰ ਧਿਆਨ 'ਚ ਰੱਖ ਕੇ ਵੀ ਹੁਣ ਖਾੜੀ ਦੇਸ਼ਾਂ ਵੱਲ ਭਾਰਤੀ ਰੁਖ਼ ਕਰਨ ਤੋਂ ਕਤਰਾ ਰਹੇ ਹਨ।