World Bank ਵਲੋਂ ਭਾਰਤ ਨੂੰ ਝਟਕਾ, GDP ਗ੍ਰੋਥ ਰੇਟ ਅਨੁਮਾਨ ''ਚ ਕੀਤੀ ਭਾਰੀ ਕਟੌਤੀ

01/09/2020 3:06:13 PM

ਨਵੀਂ ਦਿੱਲੀ — ਆਰਥਿਕ ਮੰਦੀ ਵਿਚਕਾਰ ਵਰਲਡ ਬੈਂਕ(World Bank) ਨੇ ਭਾਰਤ ਦੇ GDP ਗ੍ਰੋਥ ਦੇ ਅਨੁਮਾਨ 'ਚ ਕਟੌਤੀ ਕਰ ਦਿੱਤੀ ਹੈ। ਵਿਸ਼ਵ ਬੈਂਕ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਵਿੱਤੀ ਸਾਲ 2019-20 'ਚ ਭਾਰਤ ਦੀ GDP 'ਚ ਵਾਧਾ ਦਰ ਸਿਰਫ 5 ਫੀਸਦੀ ਰਹਿ ਸਕਦੀ ਹੈ। ਅਗਲੇ ਵਿੱਤੀ ਸਾਲ 'ਚ ਵੀ ਭਾਰਤ ਦੀ GDP 'ਚ ਸਿਰਫ 5.8 ਫੀਸਦੀ ਵਾਧੇ ਦਾ ਅਨੁਮਾਨ ਲਗਾਇਆ ਹੈ। ਇਹ ਵਰਲਡ ਬੈਂਕ ਦੇ ਅਨੁਮਾਨ 'ਚ ਵੱਡੀ ਕਟੌਤੀ ਹੈ।

ਵਿਸ਼ਵ ਬੈਂਕ ਨੇ ਗਲੋਬਲ ਇਕਨੌਮਿਕ ਪ੍ਰੋਸਪੈਕਟਸ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਵਿਚ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਦਾ ਕਰਜ਼ਾ ਵੰਡ ਕਮਜ਼ੋਰ ਬਣਿਆ ਹੋਇਆ ਹੈ। ਵਿਸ਼ਵ ਬੈਂਕ ਅਨੁਸਾਰ ਭਾਰਤ ਨਾਲੋਂ ਤੇਜ਼ ਵਿਕਾਸ ਦਰ ਬੰਗਲਾ ਦੇਸ਼ ਦੀ ਹੋਵੇਗੀ, ਜਿਥੇ ਇਸ ਵਿੱਤੀ ਸਾਲ GDP 'ਚ 7 ਫੀਸਦੀ ਦਾ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਪਾਕਿਸਤਾਨ ਦੀ GDP 'ਚ ਇਸ ਵਿੱਤੀ ਸਾਲ 'ਚ ਸਿਰਫ 3 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਭਾਰਤ ਸਰਕਾਰ ਨੇ ਕੇਂਦਰੀ ਅੰਕੜਾ ਦਫਤਰ(CSO) ਦੁਆਰਾ ਜਾਰੀ ਅਗਾਊਂ ਅਨੁਮਾਨ 'ਚ ਵੀ ਕਿਹਾ ਗਿਆ ਹੈ ਕਿ ਇਸ ਵਿੱਤੀ ਸਾਲ 'ਚ ਦੇਸ਼ ਦੀ GDP 'ਚ ਸਿਰਫ 5 ਫੀਸਦੀ ਦਾ ਵਾਧਾ ਹੋਵੇਗਾ।
ਦਰਅਸਲ ਰਾਸ਼ਟਰੀ ਅੰਕੜਾ ਦਫਤਰ(CSO) ਨੇ ਮੰਗਲਵਾਰ ਨੂੰ ਚਾਲੂ ਵਿੱਤੀ ਸਾਲ ਲਈ GDP ਦਾ ਪਹਿਲਾ ਅਗਾਊਂ ਅਨੁਮਾਨ ਜਾਰੀ ਕੀਤਾ ਜਿਸ ਵਿਚ ਅਸਲ GDP ਦੇ 5 ਫੀਸਦੀ ਦੀ ਰਫਤਾਰ ਨਾਲ ਵਧਣ ਦੀ ਸੰਭਾਵਨਾ ਜ਼ਾਹਰ ਕੀਤੀ। ਇਸ ਵਿਚ ਕਿਹਾ ਗਿਆ ਕਿ ਸਾਲ 2011-12 ਦੇ ਸਥਿਰ ਮੁੱਲ 'ਤੇ ਸਾਲ 2019-20 'ਚ GDP 147.79 ਲੱਖ ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਹੈ ਜਦੋਂਕਿ ਸਾਲ 2018-19 'ਚ ਇਹ 140.78 ਲੱਖ ਕਰੋੜ ਰੁਪਏ ਰਿਹਾ ਹੈ। ਇਸ ਦੇ ਆਧਾਰ 'ਤੇ ਚਾਲੂ ਵਿੱਤੀ ਸਾਲ 'ਚ ਅਸਲ GDP ਦੇ 5 ਫੀਸਦੀ ਦੇ ਵਾਧੇ ਦਾ ਅਨੁਮਾਨ ਹੈ ਜਦੋਂਕਿ ਪਿਛਲੇ ਵਿੱਤੀ ਸਾਲ 'ਚ ਇਹ ਦਰ 6.8 ਫੀਸਦੀ ਰਹੀ ਸੀ।
ਆਰਥਿਕ ਗਤੀਵਿਧੀਆਂ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਖੇਤੀਬਾੜੀ, ਨਿਰਮਾਣ, ਉਤਪਾਦਨ ਅਤੇ ਖਣਿਜ ਖੇਤਰ ਵਿਚ ਚਾਲੂ ਵਿੱਤੀ ਸਾਲ 'ਚ 1.5 ਫੀਸਦੀ ਤੋਂ 3.2 ਫੀਸਦੀ ਤੱਕ ਦਾ ਵਾਧਾ ਹੋਣ ਦਾ ਅਨੁਮਾਨ ਜ਼ਾਹਰ ਕੀਤਾ ਹੈ ਜਿਸ ਕਾਰਨ GDP ਵਾਧਾ ਪ੍ਰਭਾਵਿਤ ਹੋ ਰਿਹਾ ਹੈ। ਵਿੱਤੀ, ਰੀਅਲ ਅਸਟੇਟ ਅਤੇ ਪੇਸ਼ੇਵਰ ਸੇਵਾਵਾਂ 'ਚ 6.4 ਫੀਸਦੀ ਦੇ ਵਾਧੇ ਦੀ ਉਮੀਦ ਜ਼ਾਹਰ ਕੀਤੀ ਗਈ ਸੀ।
 


Related News