ਬਜਟ 2021: ਦਫ਼ਤਰ ਦਾ ਕੰਮ ਘਰੋਂ ਕਰਨ ਵਾਲਿਆਂ ਨੂੰ ਟੈਕਸ 'ਚ ਮਿਲੇਗੀ ਛੋਟ!

Saturday, Jan 23, 2021 - 10:39 PM (IST)

ਬਜਟ 2021: ਦਫ਼ਤਰ ਦਾ ਕੰਮ ਘਰੋਂ ਕਰਨ ਵਾਲਿਆਂ ਨੂੰ ਟੈਕਸ 'ਚ ਮਿਲੇਗੀ ਛੋਟ!

ਨਵੀਂ ਦਿੱਲੀ-  ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਲੱਗੀ ਤਾਲਾਬੰਦੀ ਨੇ ਦੁਨੀਆ ਵਿਚ ਲੋਕਾਂ ਦਾ ਕੰਮ ਕਰਨ ਦਾ ਤਰੀਕਾ ਹੀ ਬਦਲ ਦਿੱਤਾ। ਇਸ ਮਾਹੌਲ ਵਿਚ ਵਰਕ ਫਰਾਮ ਹੋਮ (ਡਬਲਿਊ. ਐੱਫ. ਐੱਚ.) ਯਾਨੀ ਘਰੋਂ ਦਫ਼ਤਰ ਦਾ ਕੰਮ ਕਰਨ ਦਾ ਰਿਵਾਜ਼ ਵਧਿਆ ਹੈ। ਭਾਰਤ ਵਿਚ ਕਈ ਕੰਪਨੀਆਂ ਨੇ ਇਸ ਤਰੀਕੇ ਨੂੰ ਅਪਣਾਇਆ ਹੈ। ਇਸ ਨਾਲ ਸੰਸਥਾਨਾਂ ਨੂੰ ਵੀ ਕਾਫ਼ੀ ਬਚਤ ਹੋ ਰਹੀ ਹੈ।

ਇਸ ਵਿਚਕਾਰ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਸਰਕਾਰ ਵਰਕ ਫਰਾਮ ਹੋਮ ਵਾਲੇ ਕਰਮਚਾਰੀਆਂ ਨੂੰ ਇਨਕਮ ਟੈਕਸ ਵਿਚ ਕੁਝ ਰਾਹਤ ਦੇ ਸਕਦੀ ਹੈ।

ਮੰਨਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੀ ਆਮਦਨ ਟੈਕਸ ਯੋਗ ਹੈ ਅਤੇ ਘਰੋਂ ਦਫ਼ਤਰ ਦਾ ਕੰਮ ਕਰਨ ਦੇ ਮੱਦੇਨਜ਼ਰ ਕਈ ਚੀਜ਼ਾਂ ਲਈ ਉਨ੍ਹਾਂ ਨੂੰ ਪੱਲਿਓਂ ਵਾਧੂ ਖ਼ਰਚ ਕਰਨਾ ਪੈ ਰਿਹਾ ਹੈ, ਉਨ੍ਹਾਂ ਲਈ ਸਰਕਾਰ ਇਨਕਮ ਟੈਕਸ ਵਿਚ ਕੁਝ ਰਾਹਤ ਦੀ ਘੋਸ਼ਣਾ ਕਰ ਸਕਦੀ ਹੈ। 

ਦਰਅਸਲ, ਦਫ਼ਤਰ ਦਾ ਕੰਮ ਘਰੋਂ ਕਰਨ ਵਾਲੇ ਕਰਮਚਾਰੀਆਂ ਨੂੰ ਹਾਈ ਸਪੀਡ ਇੰਟਰਨੈੱਟ ਸਣੇ ਕਈ ਚੀਜ਼ਾਂ ਲਈ ਕਾਫ਼ੀ ਖ਼ਰਚ ਕਰਨਾ ਪੈ ਰਿਹਾ ਹੈ। ਹਾਲਾਂਕਿ, ਕੁਝ ਕੰਪਨੀਆਂ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭੱਤੇ ਦੇ ਰਹੀਆਂ ਹਨ ਪਰ ਜ਼ਿਆਦਾਤਰ ਕਰਮਚਾਰੀਆਂ ਨੂੰ ਇਹ ਖ਼ਰਚ ਪੱਲਿਓਂ ਹੀ ਕਰਨਾ ਪੈ ਰਿਹਾ ਹੈ, ਅਜਿਹੇ ਵਿਚ ਬਜਟ ਵਿਚ ਸਰਕਾਰ ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇਨਕਮ ਟੈਕਸ ਵਿਚ ਇਕ ਨਿਰਧਾਰਤ ਖ਼ਰਚ ਦੇ ਆਧਾਰ 'ਤੇ ਛੋਟ ਦੇ ਸਕਦੀ ਹੈ। ਸਲਾਹਕਾਰ ਫਰਮ ਪੀ. ਡਬਲਿਊ. ਸੀ. ਦੇ ਸੀਨੀਅਰ ਟੈਕਸ ਪਾਰਟਨਰ ਰਾਹੁਲ ਗਰਗ ਨੇ ਵੀ ਕਿਹਾ ਕਿ ਇਸ ਨਾਲ ਕਰਮਚਾਰੀਆਂ ਦੇ ਹੱਥ ਵਿਚ ਪੈਸੇ ਵਧਣਗੇ, ਜਿਸ ਨੂੰ ਉਹ ਸਾਮਾਨ ਖ਼ਰੀਦਣ ਲਈ ਖ਼ਰਚ ਕਰਨਗੇ ਅਤੇ ਮੰਗ ਵਧੇਗੀ, ਜੋ ਕਿ ਅਰਥਵਿਵਸਥਾ ਲਈ ਚੰਗਾ ਹੋਵੇਗਾ।
 


author

Sanjeev

Content Editor

Related News