ਕੋਵਿਡ-19 ਮਹਾਮਾਰੀ ਦੌਰਾਨ ਸਟਾਕ ਬਾਜ਼ਾਰਾਂ ''ਚ ਬੀਬੀਆਂ ਵੀ ਲਾ ਰਹੀਆਂ ਪੈਸੇ

09/06/2020 2:27:51 PM

ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਦੌਰਾਨ ਸਟਾਕ ਬਾਜ਼ਾਰਾਂ 'ਚ ਔਰਤਾਂ ਦੀ ਹਿੱਸੇਦਾਰੀ ਵਧੀ ਹੈ। ਮਾਹਰ ਮੰਨਦੇ ਹਨ ਕਿ ਮਹਾਮਾਰੀ ਦੌਰਾਨ ਘਰ ਦੇ ਖਰਚ 'ਚ ਯੋਗਦਾਨ ਦੇਣ ਅਤੇ ਤਨਖ਼ਾਹ 'ਚ ਕਟੌਤੀ ਤੇ ਨੌਕਰੀਆਂ ਜਾਣ ਦੀ ਵਜ੍ਹਾ ਨਾਲ ਔਰਤਾਂ ਹੁਣ ਸ਼ੇਅਰ ਬਾਜ਼ਾਰਾਂ 'ਚ ਦਿਲਚਸਪੀ ਲੈ ਰਹੀਆਂ ਹਨ। ਇਸ ਤੋਂ ਇਲਾਵਾ ਇਕ ਵਜ੍ਹਾ ਇਹ ਵੀ ਹੈ ਕਿ ਬੈਂਕਾਂ ਦੀ ਐੱਫ. ਡੀ. 'ਤੇ ਵਿਆਜ ਦਰਾਂ 'ਚ ਕਮੀ ਹੋ ਰਹੀ ਹੈ, ਜਿਸ ਦੇ ਮੱਦੇਨਜ਼ਰ ਨਿਵੇਸ਼ ਦੇ ਹੋਰ ਬਦਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਔਰਤਾਂ ਪਹਿਲੀ ਵਾਰ ਸ਼ੇਅਰ ਬਾਜ਼ਾਰਾਂ 'ਚ ਨਿਵੇਸ਼ ਕਰ ਰਹੀਆਂ ਹਨ। ਇਨ੍ਹਾਂ 'ਚ ਵੱਡੀ ਗਿਣਤੀ ਘਰੇਲੂ ਔਰਤਾਂ ਦੀ ਹੈ।

ਸ਼ੇਅਰਖਾਨ ਬਾਇ ਬੀ. ਐੱਨ. ਪੀ. ਪਰਿਬਾ ਦੇ ਨਿਦੇਸ਼ ਸ਼ੰਕਰ ਵੈਲਾਇਆ ਨੇ ਕਿਹਾ, ''ਤਾਲਾਬੰਦੀ ਦੌਰਾਨ ਸ਼ੇਅਰ ਬਾਜ਼ਾਰਾਂ 'ਚ ਪ੍ਰਚੂਨ ਹਿੱਸੇਦਾਰੀ ਵਧੀ ਹੈ। ਔਰਤਾਂ ਵੀ ਹੁਣ ਐੱਫ. ਡੀ. 'ਤੇ ਵਿਆਜ ਦਰਾਂ ਘਟਣ ਦੇ ਮੱਦੇਨਜ਼ਰ ਨਿਵੇਸ਼ ਦੇ ਹੋਰ ਬਦਲਾਂ 'ਤੇ ਵਿਚਾਰ ਕਰ ਰਹੀਆਂ ਹਨ।''

ਉੱਥੇ ਹੀ, ਆਨਲਾਈਨ ਬ੍ਰੋਕਰੇਜ਼ ਕੰਪਨੀ ਅਪਸਟੌਕਸ ਨੇ ਕਿਹਾ ਕਿ ਅਪ੍ਰੈਲ ਤੋਂ ਜੂਨ 2020 ਦੌਰਾਨ ਔਰਤਾਂ ਵੱਲੋਂ ਖੁੱਲ੍ਹਵਾਏ ਗਏ ਖਾਤਿਆਂ ਦੀ ਗਿਣਤੀ ਇਸ ਤੋਂ ਪਿਛਲੀ ਤਿਮਾਹੀ ਦੀ ਤੁਲਨਾ 'ਚ 32 ਫੀਸਦੀ ਵਧੀ ਹੈ। ਇਨ੍ਹਾਂ 'ਚੋਂ 70 ਫੀਸਦੀ ਔਰਤਾਂ ਪਹਿਲੀ ਵਾਰ ਸ਼ੇਅਰ ਬਾਜ਼ਾਰਾਂ 'ਚ ਨਿਵੇਸ਼ ਕਰ ਰਹੀਆਂ ਹਨ। ਬ੍ਰੋਕਰੇਜ਼ ਕੰਪਨੀ ਦੀਆਂ ਇਨ੍ਹਾਂ ਗਾਹਕਾਂ 'ਚੋਂ 35 ਫੀਸਦੀ ਘਰੇਲੂ ਔਰਤਾਂ ਹਨ। 5 ਪੈਸੇ ਡਾਟ ਕਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਕਾਸ਼ ਗਗਦਾਨੀ ਨੇ ਕਿਹਾ ਕਿ ਔਰਤਾਂ ਹੁਣ ਆਪਣੇ ਪੈਸੇ ਦਾ ਬਿਹਤਰ ਪ੍ਰਬੰਧ ਕਰ ਰਹੀਆਂ ਹਨ। ਪਹਿਲਾਂ, ਜ਼ਿਆਦਾਤਰ ਔਰਤਾਂ ਸਟਾਕਾਂ 'ਚ ਨਿਵੇਸ਼ ਕਰਨ ਤੋਂ ਝਿਜਕਦੀਆਂ ਸਨ ਪਰ ਹੁਣ ਸੌਖੀ ਤਕਨਾਲੋਜੀ ਅਤੇ ਬਾਜ਼ਾਰ ਬਾਰੇ ਅਸਾਨ ਜਾਣਕਾਰੀ ਕਾਰਨ ਸਟਾਕ ਬਾਜ਼ਾਰਾਂ ਪ੍ਰਤੀ ਉਨ੍ਹਾਂ ਦੀ ਖਿੱਚ ਵੱਧ ਰਹੀ ਹੈ।


Sanjeev

Content Editor

Related News