ਜ਼ਿਆਦਾਤਰ ਕਿਰਤੀਆਂ ਦੀ ਤਨਖਾਹ 20,000 ਰੁਪਏ ਤੋਂ ਵੀ ਘੱਟ, ਕਾਰਜਬੱਲ ਦਾ ਇਕ ਵੱਡਾ ਹਿੱਸਾ ਵਿੱਤੀ ਤਣਾਅ ਦਾ ਸ਼ਿਕਾਰ
Sunday, Aug 18, 2024 - 12:37 PM (IST)
ਮੁੰਬਈ (ਭਾਸ਼ਾ) - ਭਾਰਤ ’ਚ ਕਾਰਖਾਨਿਆਂ ’ਚ ਜਾਂ ਹੋਰ ਕਿਰਤ ਪ੍ਰਧਾਨ ਨੌਕਰੀਆਂ (ਬਲੂ-ਕਾਲਰ) ’ਚ ਜ਼ਿਆਦਾਤਰ ਦੀ ਤਨਖਾਹ 20,000 ਰੁਪਏ ਪ੍ਰਤੀ ਮਹੀਨਾ ਜਾਂ ਉਸ ਤੋਂ ਘੱਟ ਹੈ। ਇਕ ਰਿਪੋਰਟ ’ਚ ਕਿਹਾ ਗਿਆ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਕਾਰਜਬੱਲ ਦਾ ਇਕ ਵੱਡਾ ਹਿੱਸਾ ਵਿੱਤੀ ਤਣਾਅ ਨਾਲ ਜੂਝ ਰਿਹਾ ਹੈ ਅਤੇ ਘਰ , ਸਿਹਤ ਸੇਵਾ ਅਤੇ ਸਿੱਖਿਆ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਿਹਾ ਹੈ।
ਤਕਨੀਕੀ ਨਾਲ ਜੁੜੇ ਕਿਰਤ ਪ੍ਰਧਾਨ ਭਰਤੀ ਮੰਚ ਵਰਕਇੰਡੀਆ ਨੇ ਰਿਪੋਰਟ ’ਚ ਕਿਹਾ ਕਿ 57.63 ਫੀਸਦੀ ਤੋਂ ਜ਼ਿਆਦਾ ਕਿਰਤ ਪ੍ਰਧਾਨ ਨੌਕਰੀਆਂ 20,000 ਰੁਪਏ ਪ੍ਰਤੀ ਮਹੀਨਾ ਜਾਂ ਉਸ ਤੋਂ ਘੱਟ ਤਨਖਾਹ ਹੱਦ ’ਚ ਆਉਂਦੀਆਂ ਹਨ। ਲੱਗਭਗ 29.34 ਫੀਸਦੀ ਕਿਰਤ ਪ੍ਰਧਾਨ ਨੌਕਰੀਆਂ ਮੱਧ ਕਮਾਈ ਵਰਗ ’ਚ ਹਨ, ਜਿਨ੍ਹਾਂ ’ਚ ਤਨਖਾਹ 20,000-40,000 ਰੁਪਏ ਪ੍ਰਤੀ ਮਹੀਨਾ ਹੈ। ਇਸ ’ਚ ਕਿਹਾ ਗਿਆ ਹੈ ਕਿ ਇਸ ਸ਼੍ਰੇਣੀ ’ਚ ਆਉਣ ਵਾਲੇ ਮਜ਼ਦੂਰਾਂ ਨੂੰ ਵਿੱਤੀ ਸੁਰੱਖਿਆ ’ਚ ਮਾਮੂਲੀ ਸੁਧਾਰ ਦਾ ਤਜਰਬਾ ਹੁੰਦਾ ਹੈ।