ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਵੱਡੀ ਗਿਰਾਵਟ, ਚੀਨ ਦਾ ਬਾਜ਼ਾਰ ਸਭ ਤੋਂ ਵੱਧ ਡਿਗਿਆ

Tuesday, Apr 26, 2022 - 10:28 AM (IST)

ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਵੱਡੀ ਗਿਰਾਵਟ, ਚੀਨ ਦਾ ਬਾਜ਼ਾਰ ਸਭ ਤੋਂ ਵੱਧ ਡਿਗਿਆ

ਮੁੰਬਈ (ਇੰਟ.) – ਸੋਮਵਾਰ ਦਾ ਦਿਨ ਦੁਨੀਆ ਭਰ ਦੇ ਬਾਜ਼ਾਰਾਂ ਲਈ ‘ਬਲੈਕ ਮੰਡੇ’ ਸਾਬਤ ਹੋਇਆ। ਯੂਰਪ ਤੋਂ ਲੈ ਕੇ ਏਸ਼ੀਆ ਤੱਕ ਦੇ ਸ਼ੇਅਰ ਬਾਜ਼ਾਰਾਂ ’ਚ ਵੱਡੀ ਗਿਰਾਵਟ ਆਈ। ਇਧਰ, ਭਾਰਤ ’ਚ ਵੀ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 1 ਫੀਸਦੀ ਤੋਂ ਜ਼ਿਆਦਾ ਡਿਗ ਗਿਆ। ਸਭ ਤੋਂ ਵੱਧ ਗਿਰਾਵਟ ਚੀਨ ਦੇ ਸਟਾਕ ਐਕਸਚੇਂਜ ’ਚ ਆਈ। ਅਮਰੀਕਾ ’ਚ ਵਿਆਜ ਦਰ ’ਚ ਵਾਧਾ ਅਤੇ ਚੀਨ ’ਚ ਕੋਰੋਨਾ ਦੇ ਵਧਦੇ ਮਾਮਿਆਂ ਨੂੰ ਇਸ ਗਿਰਾਵਟ ਦਾ ਕਾਰਨ ਮੰਨਿਆ ਜਾ ਰਿਹਾ ਹੈ। ਅਮਰੀਕਾ ’ਚ ਫੈੱਡਰਲ ਰਿਜ਼ਰਵ ਦੇ ਚੇਅਰਮੈਨ ਨੇ ਵਿਆਜ ਦਰ ’ਚ ਅੱਧਾ ਫੀਸਦੀ ਵਾਧੇ ਦਾ ਸੰਕੇਤ ਦਿੱਤਾ ਹੈ। ਇਸ ਨਾਲ ਬਾਜ਼ਾਰ ’ਚ ਡਰ ਦਾ ਮਾਹੌਲ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਦੇ ਪਹਿਲੇ ਹਫਤੇ ’ਚ ਫੈੱਡਰਲ ਰਿਜ਼ਰਵ ਵਿਆਜ ਦਰ ’ਚ ਅੱਧੇ ਫੀਸਦੀ ਦਾ ਵਾਧਾ ਕਰ ਸਕਦਾ ਹੈ। ਅਮਰੀਕਾ ’ਚ ਵਿਆਜ ਦਰ ਵਧਣ ਦਾ ਅਸਰ ਉੱਭਰਦੇ ਬਾਜ਼ਾਰਾਂ ’ਤੇ ਜ਼ਿਆਦਾ ਪੈਣ ਦੀ ਉਮੀਦ ਹੈ। ਇਨ੍ਹਾਂ ਬਾਜ਼ਾਰਾਂ ’ਚ ਵਿਕਰੀ ਵਧ ਸਕਦੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡਾ ਝਟਕਾ! ਕੇਂਦਰ ਸਰਕਾਰ ਨੇ ਚੁੱਪਚਾਪ DAP ਖਾਦ ਦੀਆਂ ਕੀਮਤਾਂ 'ਚ ਕੀਤਾ ਵਾਧਾ

ਕੋਵਿਡ-19 ਇਨਫੈਕਸ਼ਨ ਫੈਲਣ ਦੇ ਡਰ ਕਾਰਨ ਚੀਨ ਦਾ ਬਾਜ਼ਾਰ ਡਿਗਿਆ

ਦਰਅਸਲ ਪੂਰੇ ਚੀਨ ’ਚ ਕੋਵਿਡ-19 ਇਨਫੈਕਸ਼ਨ ਫੈਲਣ ਦੇ ਡਾਰ ਕਾਰਨ ਸ਼ੇਅਰ ਬਾਜ਼ਾਰਾਂ ’ਚ ਬਹੁਤ ਜ਼ਿਆਦਾ ਵਿਕਰੀ ਹੋਈ। ਲੋਕਾਂ ਨੂੰ ਚੀਨ ਦੀ ਰਾਜਧਾਨੀ ਪੇਈਚਿੰਗ ’ਚ ਮੁੜ ਸਖਤੀ ਸ਼ੁਰੂ ਹੋਣ ਦਾ ਡਰ ਹੈ। ਇਸ ਕਾਰਨ ਸ਼ੰਘਈ ਐੱਸ. ਈ. ਕੰਪੋਜ਼ਿਟ 5.13 ਫੀਸਦੀ ਡਿਗ ਗਿਆ। ਬਲੂਚਿਪ ਸੀ. ਐੱਸ. ਆਈ.300 ’ਚ 4.9 ਫੀਸਦੀ ਗਿਰਾਵਟ ਆਈ। ਚੀਨ ਦੀ ਕਰੰਸੀ ਯੁਆਨ ਵੀ ਡਾਲਰ ਦੇ ਮੁਕਾਬਲੇ ਡਿਗ ਕੇ ਇਕ ਮਹੀਨੇ ਦੇ ਹੇਠਲੇ ਪੱਧਰ ’ਤੇ ਆ ਗਈ ਹੈ।

ਇਹ ਵੀ ਪੜ੍ਹੋ : ਵਾਰੇਨ ਬਫੇਟ ਨੂੰ ਪਛਾੜਦੇ ਹੋਏ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਬਣੇ ਗੌਤਮ ਅਡਾਨੀ

ਸੀ. ਏ. ਸੀ. 40 ਇੰਡੈਕਸ 2.18 ਫੀਸਦੀ ਡਿਗਿਆ

ਫ੍ਰਾਂਸ ਦੇ ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ ਆਈ। ਸੀ. ਏ. ਸੀ. 40 ਇੰਡੈਕਸ 2.18 ਫੀਸਦੀ ਡਿਗ ਗਿਆ। ਫ੍ਰਾਂਸ ’ਚ ਇਮੈਨੁਅਲ ਮੈਕ੍ਰਾਂ ਦੇ ਮੁੜ ਰਾਸ਼ਟਰਪਤੀ ਬਣਨ ਦੀ ਖਬਰ ਮਾਰਕੀਟ ਨੂੰ ਡੇਗਣ ਤੋਂ ਬਚਾਉਣ ’ਚ ਅਸਫਲ ਰਹੀ। ਇੰਗਲੈਂਡ ਦਾ ਐੱਫ. ਟੀ. ਐੱਸ. ਈ.100 2.15 ਫੀਸਦੀ ਡਿਗ ਗਿਆ। ਸ਼ੁੱਕਰਵਾਰ ਨੂੰ ਅਮਰੀਕੀ ਸਟਾਕ ਐਕਸਚੇਂਜਾਂ ’ਚ ਆਈ ਗਿਰਾਵਟ ਦਾ ਅਸਰ ਵੀ ਦੁਨੀਆ ਭਰ ਦੇ ਬਾਜ਼ਾਰਾਂ ’ਤੇ ਪਿਆ।

ਨਿਕੇਈ ’ਚ ਵੀ 6 ਹਫਤਿਆਂ ਦੀ ਸਭ ਤੋਂ ਵੱਡੀ ਗਿਰਾਵਟ

ਜਾਪਾਨ ’ਚ ਨਿਕੇਈ ’ਚ ਵੀ 6 ਹਫਤਿਆਂ ਦੀ ਸਭ ਤੋਂ ਵੱਡੀ ਗਿਰਾਵਟ ਆਈ। ਇਹ 1.9 ਫੀਸਦੀ ਡਿਗ ਕੇ 26,590 ਅੰਕ ’ਤੇ ਬੰਦ ਹੋਇਆ। 11 ਮਾਰਚ ਤੋਂ ਬਾਅਦ ਇਹ ਸਭ ਤੋਂ ਵੱਧ ਗਿਰਾਵਟ ਹੈ। ਫਾਸਟ ਰਿਟੇਲਿੰਗ ’ਚ 5.27 ਫੀਸਦੀ ਅਤੇ ਸਾਫਟਬੈਂਕ ’ਚ 7.8 ਫੀਸਦੀ ਗਿਰਾਵਟ ਦਾ ਅਸਰ ਨਿਕੇਈ ’ਤੇ ਪਿਆ। ਡਾਇਕਿਨ ਇੰਡਸਟ੍ਰੀਅਲ 3.36 ਫੀਸਦੀ ਡਿਗ ਗਿਆ। ਨਿਸਾਨ ਮੋਟਰਜ਼ 5.05 ਫੀਸਦੀ ਡਿਗ ਗਿਆ।

ਇਹ ਵੀ ਪੜ੍ਹੋ : SBI ਦੀ ਖ਼ਾਤਾਧਾਰਕਾਂ ਨੂੰ ਐਡਵਾਈਜ਼ਰੀ ਜਾਰੀ, ਕਿਹਾ- ਡਿਜੀਟਲ ਫਰਾਡ ਤੋਂ ਬਚਣਾ ਚਾਹੁੰਦੇ ਹੋ ਤਾਂ ਨਾ ਕਰੋ ਇਹ ਕੰਮ

ਸੈਂਸੈਕਸ ਅਤੇ ਨਿਫਟੀ ’ਚ 1 ਫੀਸਦੀ ਤੋਂ ਵੱਧ ਦੀ ਗਿਰਾਵਟ

ਕੌਮਾਂਤਰੀ ਪੱਧਰ ਤੋਂ ਮਿਲੇ ਨਾਂਹਪੱਖੀ ਸੰਕੇਤ ਅਤੇ ਘਰੇਲੂ ਪੱਧਰ ’ਤੇ ਹੋਈ ਚਾਰੇ ਪਾਸੇ ਵਿਕਰੀ ਦੇ ਦਬਾਅ ’ਚ ਸ਼ੇਅਰ ਬਾਜ਼ਾਰ ’ਚ ਅੱਜ ਲਗਾਤਾਰ ਦੂਜੇ ਦਿਨ ਵਿਕਰੀ ਜਾਰੀ ਰਹੀ, ਜਿਸ ਨਾਲ ਬੀ. ਐੱਸ. ਈ. ਦਾ ਸੈਂਸੈਕਸ 1.08 ਫੀਸਦੀ ਅਤੇ ਐੱਨ. ਐੱਸ. ਈ. ਦਾ ਨਿਫਟੀ 1.27 ਫੀਸਦੀ ਡਿਗ ਗਿਆ। ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੈਕਸ 617.26 ਅੰਕ ਟੁੱਟ ਤੇ 56579.89 ਅੰਕ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐਸ. ਈ.) ਦਾ ਨਿਫਟੀ 218 ਅੰਕ ਡਿਗ ਕੇ 17,000 ਅੰਕ ਦੇ ਮਨੋਵਿਗਿਆਨੀ ਪੱਧਰ ਤੋਂ ਹੇਠਾਂ 16953.95 ਅੰਕ ’ਤੇ ਉਤਰ ਗਿਆ। ਦਿੱਗਜ਼ ਕੰਪਨੀਆਂ ਦੀ ਤੁਲਨਾ ’ਚ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ’ਚ ਵਿਕਰੀ ਦਾ ਦਬਾਅ ਰਿਹਾ, ਜਿਸ ਨਾਲ ਬੀ. ਐੱਸ. ਈ. ਦਾ ਮਿਡਕੈਪ 1.86 ਫੀਸਦੀ ਟੁੱਟ ਕੇ 24238.68 ਅੰਕ ’ਤੇ ਅਤੇ ਸਮਾਲਕੈਪ 1.88 ਫੀਸਦੀ ਉਤਰ ਕੇ 28699.35 ਅੰਕ ’ਤੇ ਰਿਹਾ। ਬੀ. ਐੱਸ. ਈ. ’ਚ ਬੈਂਕਿੰਗ 0.12 ਫੀਸਦੀ ਦੀ ਬੜ੍ਹਤ ਛੱਡ ਕੇ ਬਾਕੀ ਸਾਰੇ ਸਮੂਹਾਂ ’ਚ ਗਿਰਾਵਟ ਰਹੀ। ਇਸ ’ਚ ਧਾਤੂ ’ਚ ਸਭ ਤੋਂ ਵੱਧ 3.71 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਬੀ. ਐੱਸ. ਈ. ’ਚ ਕੁੱਲ 3674 ਕੰਪਨੀਆਂ ’ਚ ਕਾਰੋਬਾਰ ਹੋਇਆ, ਜਿਸ ’ਚੋਂ 2494 ਲਾਲ ਨਿਸ਼ਾਨ ’ਚ ਅਤੇ 1037 ਹਰੇ ਨਿਸ਼ਾਨ ’ਚ ਰਹੀਆਂ ਜਦ ਕਿ 143 ’ਚ ਕੋਈ ਬਦਲਾਅ ਨਹੀਂ ਹੋਇਆ। ਕੌਮਾਂਤਰੀ ਪੱਧਰ ’ਚ ਚਾਰੇ ਪਾਸੇ ਵਿਕਰੀ ਹੋਈ, ਜਿਸ ਨਾਲ ਸਾਰੇ ਪ੍ਰਮੁੱਖ ਸੂਚਕ ਅੰਕ ਲਾਲ ਨਿਸ਼ਾਨ ’ਚ ਰਹੇ।

ਇਹ ਵੀ ਪੜ੍ਹੋ : ਰੂਸ 'ਚ ਖ਼ੁਰਾਕੀ ਵਸਤਾਂ ਦੀ ਘਾਟ, ਖ਼ਰੀਦ ਲਈ ਐੱਕਸ-5 ਸਮੂਹ ਇਸ ਹਫ਼ਤੇ ਆਵੇਗਾ ਭਾਰਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News