ਵਿਪਰੋ ਨੂੰ ਤੀਜੀ ਤਿਮਾਹੀ ’ਚ 2969 ਕਰੋੜ ਦਾ ਮੁਨਾਫਾ, ਆਮਦਨ 29.6 ਫੀਸਦੀ ਵਧੀ

Thursday, Jan 13, 2022 - 09:51 AM (IST)

ਨਵੀਂ ਦਿੱਲੀ (ਭਾਸ਼ਾ) – ਆਈ. ਟੀ. ਖੇਤਰ ਦੀ ਦਿੱਗਜ਼ ਕੰਪਨੀ ਵਿਪਰੋ ਨੇ ਆਪਣੀ ਤੀਜੀ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਕੰਪਨੀ ਦਾ ਚਾਲੂ ਵਿੱਤੀ ਸਾਲ ਦੀ ਦਸੰਬਰ 2021 ’ਚ ਸਮਾਪਤ ਤਿਮਾਹੀ ਦਾ ਕੰਸੋਲੀਡੇਟੇਡ ਨੈੱਟ ਪ੍ਰਾਫਿਟ 2,969 ਕਰੋੜ ਰੁਪਏ ’ਤੇ ਸਥਿਰ ਰਿਹਾ ਹੈ। ਹਾਲਾਂਕਿ ਤਿਮਾਹੀ ਦੌਰਾਨ ਕੰਪਨੀ ਦੀ ਆਮਦਨ ਵਧੀ ਹੈ ਅਤੇ ਉਸ ਦੀ ਆਰਡਰ ਬੁਕਿੰਗ ਵੀ ਮਜ਼ਬੂਤ ਰਹੀ ਹੈ।
ਇਸ ਤੋਂ ਪਿਛਲੇ ਵਿੱਤੀ ਸਾਲ 2020-21 ਦੀ ਅਕਤੂਬਰ-ਦਸੰਬਰ ਤਿਮਾਹੀ ’ਚ ਕੰਪਨੀ ਦਾ ਨੈੱਟ ਪ੍ਰਾਫਿਟ 2,968 ਕਰੋੜ ਰੁਪਏ ਰਿਹਾ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕੰਪਨੀ ਨੇ ਕਿਹਾ ਕਿ ਤਿਮਾਹੀ-ਦਰ-ਤਿਮਾਹੀ ਆਧਾਰ ’ਤੇ ਉਸ ਦਾ ਸ਼ੁੱਧ ਲਾਭ 1.3 ਫੀਸਦੀ ਵਧਿਆ ਹੈ।

ਤਿਮਾਹੀ ਦੌਰਾਨ ਕੰਪਨੀ ਦੀ ਆਪ੍ਰੇਟਿੰਗ ਆਮਦਨ 29.6 ਫੀਸਦੀ ਵਧ ਕੇ 20,313.6 ਕਰੋੜ ਰੁਪਏ ’ਤੇ ਪਹੁੰਚ ਗਈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਇਹ 15,670 ਕਰੋੜ ਰੁਪਏ ਸੀ। ਕੰਪਨੀ ਨੇ ਕਿਹਾ ਕਿ ਆਈ. ਟੀ. ਸੇਵਾਵਾਂ ਨਾਲ ਉਸ ਦੀ ਆਮਦਨ ਮਾਰਚ 2022 ਦੀ ਤਿਮਾਹੀ ’ਚ 269.2 ਕਰੋੜ ਤੋਂ 274.5 ਕਰੋੜ ਡਾਲਰ ਰਹੇਗੀ। ਇਹ ਤਿਮਾਹੀ ਆਧਾਰ ’ਤੇ ਦੋ ਤੋਂ ਚਾਰ ਫੀਸਦੀ ਦਾ ਵਾਧਾ ਹੋਵੇਗਾ। ਕੰਪਨੀ ਨੇ ਕਿਹਾ ਕਿ ਦਸੰਬਰ 2021 ਨੂੰ ਸਮਾਪਤ ਤਿਮਾਹੀ ’ਚ ਉਸ ਦਾ ਆਈ. ਟੀ. ਸੇਵਾਵਾਂ ਤੋਂ ਮਾਲੀਆ 263.1 ਕਰੋੜ ਤੋਂ 268.3 ਕਰੋੜ ਡਾਲਰ ਰਿਹਾ। ਇਹ ਤਿਮਾਹੀ-ਦਰ-ਤਿਮਾਹੀ ਆਧਾਰ ’ਤੇ ਦੋ ਤੋਂ ਚਾਰ ਫੀਸਦੀ ਵੱਧ ਹੈ।

ਇੰਫੋਸਿਸ ਦਾ ਲਾਭ 12 ਫੀਸਦੀ ਵਧਿਆ, ਆਮਦਨ ’ਚ ਹੋਇਆ 22 ਫੀਸਦੀ ਦਾ ਵਾਧਾ

ਆਈ. ਟੀ. ਸੈਕਟਰ ਦੀ ਪ੍ਰਮੁੱਖ ਕੰਪਨੀ ਇੰਫੋਸਿਸ ਨੇ ਆਪਣੇ ਤੀਜੀ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਮਿਆਦ ’ਚ ਕੰਪਨੀ ਨੂੰ 5,809 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਕੰਪਨੀ ਦੇ ਮੁਨਾਫੇ ’ਚ ਸਾਲਾਨਾ ਆਧਾਰ ’ਤੇ 12 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਦੀ ਇਸੇ ਤਿਮਾਹੀ ’ਚ ਕੰਪਨੀ ਦਾ ਮੁਨਾਫਾ 5,197 ਕਰੋੜ ਰੁਪਏ ਰਿਹਾ ਸੀ। ਤੀਜੀ ਤਿਮਾਹੀ ’ਚ ਕੰਪਨੀ ਦੀ ਆਮਦਨ ਸਾਲਾਨਾ ਆਧਾਰ ’ਤੇ 23 ਫੀਸਦੀ ਦੀ ਬੜ੍ਹਤ ਨਾਲ 31,867 ਕਰੋੜ ਰੁਪਏ ’ਤੇ ਰਹੀ ਹੈ। ਪਿਛਲੇ ਸਾਲ ਦੀ ਇਸੇ ਤਿਮਾਹੀ ’ਚ ਇਹ 25,927 ਕਰੋੜ ਰੁਪਏ ਰਹੀ ਸੀ। ਕੰਪਨੀ ਨੇ ਵਿੱਤੀ ਸਾਲ 2022 ਲਈ ਆਪਣੇ ਆਮਦਨ ਅਨੁਮਾਨ ਨੂੰ 16.5-17.5 ਫੀਸਦੀ ਤੋਂ ਵਧਾ ਕੇ 19.5-20 ਫੀਸਦੀ ਕਰ ਦਿੱਤਾ ਹੈ। ਤਿਮਾਹੀ ਆਧਾਰ ’ਤੇ ਇਸ ਤੀਜੀ ਤਿਮਾਹੀ ’ਚ ਕੰਪਨੀ ਦੀ ਆਮਦਨ ’ਚ 7 ਫੀਸਦੀ ਦੀ ਤੇਜ਼ੀ ਆਈ ਹੈ। ਇਸ ਤੋਂ ਉਤਸ਼ਾਹਿਤ ਇੰਫੋਸਿਸ ਨੇ ਆਪਣਾ ਰੈਵੇਨਿਊ ਗਾਈਡੈਂਸ ਵਧਾਇਆ ਹੈ।

ਟੀ. ਸੀ. ਐੱਸ. ਦਾ ਮੁਨਾਫਾ 12.3 ਫੀਸਦੀ ਵਧਿਆ, ਸ਼ੇਅਰਾਂ ਨੂੰ ਬਾਇਬੈਕ ਕਰਨ ਦਾ ਐਲਾਨ

ਭਾਰਤ ਦੀ ਸਭ ਤੋਂ ਵੱਡੀ ਆਈ. ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਿਵਿਸਿਜ਼ (ਟੀ. ਸੀ. ਐੱਸ.) ਨੇ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ ਯਾਨੀ ਅਕਤੂਬਰ-ਦਸੰਬਰ 2021 ਤਿਮਾਹੀ ਦੇ ਨਤੀਜੇ ਜਾਰੀ ਕੀਤੇ। ਟੀ. ਸੀ. ਐੱਸ. ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਉਸ ਦਾ ਮੁਨਾਫਾ 9,769 ਕਰੋੜ ਰੁਪਏ ਰਿਹਾ ਹੈ ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 12.3 ਫੀਸਦੀ ਵੱਧ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਕੰਪਨੀ ਨੂੰ 8,701 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।

ਟੀ.ਸੀ. ਐੱਸ. ਦੇ ਬੋਰਡ ਨੇ 18,000 ਕਰੋੜ ਰੁਪਏ ਦੇ ਸ਼ੇਅਰਾਂ ਨੂੰ 4500 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਬਾਇਬੈਕ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਨੇ 7.0 ਰੁਪਏ ਪ੍ਰਤੀ ਸ਼ੇਅਰ ਦਾ ਅੰਤਰਿਮ ਡਿਵੀਡੈਂਟ ਦੇਣ ਦਾ ਵੀ ਐਲਾਨ ਕੀਤਾ, ਜਿਸ ਲਈ 7 ਜਨਵਰੀ 2022 ਨੂੰ ਰਿਕਾਰਡ ਡੇਟ ਅਤੇ 7 ਫਰਵਰੀ 2022 ਨੂੰ ਪੇਮੈਂਟ ਡੇਟ ਤੈਅ ਕੀਤੀ ਗਈ ਹੈ। ਅੱਜ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ’ਤੇ ਟੀ. ਸੀ. ਐੱਸ. ਦੇ ਸ਼ੇਅਰ 1.4 ਫੀਸਦੀ ਦੀ ਗਿਰਾਵਟ ਨਾਲ 3,859.90 ਰੁਪਏ ’ਤੇ ਬੰਦ ਹੋਇਆ। ਪਿਛਲੇ ਇਕ ਸਾਲ ’ਚ ਇਸ ਸ਼ੇਅਰ ਨੇ ਆਪਣੇ ਨਿਵੇਸ਼ਕਾਂ ਨੂੰ 22.10 ਫੀਸਦੀ ਦਾ ਰਿਟਰਨ ਦਿੱਤਾ ਹੈ ਜਦ ਕਿ ਪਿਛਲੇ ਇਕ ਮਹੀਨੇ ’ਚ ਇਸ ’ਚ 6.1 ਫੀਸਦੀ ਦੀ ਤੇਜ਼ੀ ਆਈ ਹੈ।


Harinder Kaur

Content Editor

Related News