ਮਜ਼ਬੂਤ ਵਿਕਾਸ ਦ੍ਰਿਸ਼ਟੀਕੋਣ ਭਾਰਤੀ ਕੰਪਨੀਆਂ ਲਈ ਵਿਦੇਸ਼ੀ ਬਾਜ਼ਾਰਾਂ ’ਚ ਨਰਮੀ ਦੀ ਭਰਪਾਈ ਕਰੇਗਾ : ਫਿੱਚ

Saturday, Jul 01, 2023 - 10:44 AM (IST)

ਮਜ਼ਬੂਤ ਵਿਕਾਸ ਦ੍ਰਿਸ਼ਟੀਕੋਣ ਭਾਰਤੀ ਕੰਪਨੀਆਂ ਲਈ ਵਿਦੇਸ਼ੀ ਬਾਜ਼ਾਰਾਂ ’ਚ ਨਰਮੀ ਦੀ ਭਰਪਾਈ ਕਰੇਗਾ : ਫਿੱਚ

ਨਵੀਂ ਦਿੱਲੀ (ਭਾਸ਼ਾ) - ਸਾਖ ਤੈਅ ਕਰਨ ਵਾਲੀ ਫਿੱਚ ਰੇਟਿੰਗਸ ਨੇ ਕਿਹਾ ਕਿ ਭਾਰਤ ਦਾ ਮਜ਼ਬੂਤ ਵਿਕਾਸ ਦ੍ਰਿਸ਼ਟੀਕੋਣ ਦੇਸ਼ ਦੀਆਂ ਕੰਪਨੀਆਂ ਲਈ ਵਿਦੇਸ਼ੀ ਬਾਜ਼ਾਰਾਂ ’ਚ ਨਰਮੀ ਦੀ ਭਰਪਾਈ ਕਰੇਗਾ। ਨਾਲ ਹੀ ਕੱਚੇ ਮਾਲ ਦੀ ਲਾਗਤ ਦਾ ਦਬਾਅ ਘੱਟ ਹੋਣ ਨਾਲ ਉਨ੍ਹਾਂ ਨੂੰ ਲਾਭ ਮਾਰਜਨ ਵਧਾਉਣ ’ਚ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਫਿੱਚ ਨੇ ਵਿੱਤੀ ਸਾਲ 2023-24 ਲਈ ਦੇਸ਼ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਪਹਿਲਾਂ ਦੇ ਛੇ ਫ਼ੀਸਦੀ ਤੋਂ ਵਧਾ ਕੇ 6.3 ਫ਼ੀਸਦੀ ਕਰ ਦਿੱਤਾ ਸੀ। 

ਫਿੱਚ ਨੇ ਕਿਹਾ ਕਿ ਲਗਾਤਾਰ ਆਰਥਿਕ ਵਿਕਾਸ ਸੀਮੈਂਟ ਅਤੇ ਪੈਟਰੋਲੀਅਮ ਉਤਪਾਦ ਦੀ ਮੰਗ ਨੂੰ ਵਧਾਏਗੀ। ਇਸ ਸਾਲ ਹੁਣ ਤੱਕ ਜੋ ਵੀ ਅਹਿਮ ਅੰਕੜੇ (ਪੀ. ਐੱਮ. ਆਈ., ਮਾਲ ਢੁਆਈ, ਜੀ. ਐੱਸ. ਟੀ. ਕਲੈਕਸ਼ਨ ਆਦਿ) ਹਨ, ਉਹ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਉੱਪਰ ਪਹੁੰਚ ਗਏ ਹਨ। ਬੁਨਿਆਦੀ ਢਾਂਚੇ ’ਤੇ ਵਧਦੇ ਖਰਚੇ ਨਾਲ ਸਟੀਲ ਦੀ ਮੰਗ ਵੀ ਵਧੇਗੀ। ਰੇਟਿੰਗ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਭਾਰਤ ਦਾ ਮਜ਼ਬੂਤ ਵਿਕਾਸ ਦ੍ਰਿਸ਼ਟੀਕੋਣ ਦੇਸ਼ ਦੀਆਂ ਕੰਪਨੀਆਂ ਲਈ ਵਿਦੇਸ਼ੀ ਬਾਜ਼ਾਰਾਂ ’ਚ ਨਰਮੀ ਦੀ ਭਰਪਾਈ ਕਰੇਗਾ। ਨਾਲ ਹੀ ਕੱਚੇ ਮਾਲ ਦੀ ਲਾਗਤ ਦਾ ਦਬਾਅ ਘੱਟ ਹੋਣ ਨਾਲ ਚਾਲੂ ਵਿੱਤੀ ਸਾਲ ਉਨ੍ਹਾਂ ਦਾ ਲਾਭ ਮਾਰਜਨ 2.20 ਫ਼ੀਸਦੀ ਵਧਣ ਦੀ ਉਮੀਦ ਹੈ। 

ਫਿੱਚ ਨੇ ਕਿਹਾ ਕਿ ਅਮਰੀਕਾ ਅਤੇ ਯੂਰੋ ਖੇਤਰ ’ਚ ਹੌਲੀ ਮੰਗ ਕਾਰਨ ਸੂਚਨਾ ਤਕਨਾਲੋਜੀ ਸੇਵਾ ਖੇਤਰ ਦੀ ਵਿਕਰੀ ’ਚ ਵਾਧਾ ਹੌਲੀ ਰਹੇਗਾ। ਹਾਲਾਂਕਿ ਤਨਖ਼ਾਹ ਅਤੇ ਕਰਮਚਾਰੀਆਂ ਦੇ ਕੰਪਨੀ ਛੱਡ ਕੇ ਜਾਣ ਦਾ ਦਬਾਅ ਘੱਟ ਹੋਣ ਦੇ ਨਾਲ ਰੇਟਿੰਗ ਨੂੰ ਲੈ ਕੇ ਠੋਸ ਗੁੰਜਾਇਸ਼ ਨੂੰ ਦੇਖਦੇ ਹੋਏ ਉਨ੍ਹਾਂ ਦੇ ਕਰਜ਼ੇ ਨੂੰ ਲੈ ਕੇ ਸਥਿਤੀ ਬਿਹਤਰ ਹੋਵੇਗੀ। ਉਸ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਨਾਲ ਮਾਰਕੀਟਿੰਗ ਮਾਰਜਨ ਵਧਣ ਅਤੇ ਰਿਫਾਈਨਿੰਗ ਮਾਰਜਨ ਉੱਪਰ ਰਹਿਣ ਨਾਲ ਤੇਲ ਮਾਰਕੀਟਿੰਗ ਕੰਪਨੀਆਂ ਦਾ ਲਾਭ ਵਧੇਗਾ। 

ਫਿੱਚ ਨੇ ਕਿਹਾ ਕਿ ਭਾਰਤੀ ਦੂਰਸੰਚਾਰ ਕੰਪਨੀਆਂ ਲਈ ਸਾਡਾ ਦ੍ਰਿਸ਼ਟੀਕੋਣ ਬਿਹਤਰ ਹੈ। ਇਸ ਲਈ ਸਾਨੂੰ ਉਮੀਦ ਹੈ ਕਿ ਚੋਟੀ ਦੀਆਂ ਦੋ ਦੂਰਸੰਚਾਰ ਕੰਪਨੀਆਂ ਲਈ ਲਾਭ ਨੂੰ ਸਮਰਥਨ ਦੇਣ ਲਈ ਉਦਯੋਗ ’ਚ ਲਗਾਤਾਰ ਏਕੀਕਰਣ ਹੋਵੇਗਾ। ਸਾਲ 2023 ਵਿਚ ਪ੍ਰਤੀ ਯੂਜ਼ਰ ਮਾਸਿਕ ਔਸਤ ਮਾਲੀਆ 10 ਤੋਂ 15 ਫ਼ੀਸਦੀ ਵਧਣ ਦੀ ਉਮੀਦ ਹੈ।


author

rajwinder kaur

Content Editor

Related News