ਮੰਦੀ ਦਾ ਅਸਰ : ਫੋਰਜਿੰਗ ਅਤੇ ਆਟੋ ਕੰਪੋਨੈਂਟ ਉਦਯੋਗ ’ਚ ਹੋ ਸਕਦੀ ਹੈ ਵਿਆਪਕ ਛਾਂਟੀ

Monday, Nov 25, 2019 - 05:29 PM (IST)

ਮੰਦੀ ਦਾ ਅਸਰ : ਫੋਰਜਿੰਗ ਅਤੇ ਆਟੋ ਕੰਪੋਨੈਂਟ ਉਦਯੋਗ ’ਚ ਹੋ ਸਕਦੀ ਹੈ ਵਿਆਪਕ ਛਾਂਟੀ

ਨਵੀਂ ਦਿੱਲੀ — ਤਿਉਹਾਰੀ ਸੀਜ਼ਨ ’ਚ ਯਾਤਰੀ ਵਾਹਨਾਂ ਦੀ ਵਿਕਰੀ ’ਚ ਕੁਝ ਵਾਧਾ ਵੇਖੇ ਜਾਣ ਦੇ ਬਾਵਜੂਦ ਇਹ ਉਦਯੋਗ ਹੁਣ ਤੱਕ ਲੀਹ ’ਤੇ ਨਹੀਂ ਪਰਤ ਸਕਿਆ ਅਤੇ ਆਟੋਮੋਬਾਇਲ ਉਦਯੋਗ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਫੋਰਜਿੰਗ ਉਦਯੋਗ ਅਤੇ ਅਸਲੀ ਕਲਪੁਰਜ਼ੇ ਬਣਾਉਣ ਵਾਲੇ ਉਦਯੋਗ ਦੀ ਸਥਿਤੀ ’ਚ ਵੀ ਕੋਈ ਸੁਧਾਰ ਨਹੀਂ ਹੋ ਰਿਹਾ ਹੈ, ਜਿਸ ਕਾਰਣ ਇਸ ਖੇਤਰ ਦੀਆਂ ਕੰਪਨੀਆਂ ’ਤੇ ਨੌਕਰੀਆਂ ਘੱਟ ਕਰਨ ਦਾ ਭਾਰੀ ਦਬਾਅ ਵਧ ਰਿਹਾ ਹੈ। ਯਾਨੀ ਮੰਦੀ ਕਾਰਣ ਫੋਰਜਿੰਗ ਅਤੇ ਆਟੋ ਕੰਪੋਨੈਂਟ ਉਦਯੋਗ ’ਚ ਵਿਆਪਕ ਛਾਂਟੀ ਹੋਣ ਦਾ ਖਤਰਾ ਮੰਡਰਾ ਰਿਹਾ ਹੈ।

ਭਾਰਤ ’ਚ ਫੋਰਜਿੰਗ ਉਦਯੋਗ ਨਾਲ ਜੁਡ਼ੀਆਂ 250 ਤੋਂ ਜ਼ਿਆਦਾ ਕੰਪਨੀਆਂ ਦੀ ਅਗਵਾਈ ਕਰਨ ਵਾਲੀ ਇਸ ਖੇਤਰ ਦੀ ਸਭ ਤੋਂ ਵੱਡੀ ਸੰਸਥਾ ਐਸੋਸੀਏਸ਼ਨ ਆਫ ਇੰਡੀਅਨ ਫੋਰਜਿੰਗ ਇੰਡਸਟਰੀ (ਏ. ਆਈ. ਐੱਫ. ਆਈ.) ਨੇ ਵਾਹਨ ਉਦਯੋਗ ਤੋਂ ਨਵੇਂ ਆਰਡਰਾਂ ’ਚ ਕਮੀ ’ਤੇ ਚਿੰਤਾ ਪ੍ਰਗਟਾਈ ਹੈ। ਘੱਟ ਹੁੰਦੀ ਆਟੋਮੋਬਾਇਲ ਵਿਕਰੀ ਕਾਰਣ ਆਈ ਗਿਰਾਵਟ ਨਾਲ ਫੋਰਜਿੰਗ ਉਦਯੋਗ ਨੂੰ ਮੰਗ ’ਚ ਆ ਰਹੀ ਤੇਜ਼ ਗਿਰਾਵਟ ਦੇ ਅਸਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਣ ਉਤਪਾਦਨ ’ਚ ਭਾਰੀ ਕਟੌਤੀ ਹੋਈ ਹੈ।

ਭਾਰਤੀ ਫੋਰਜਿੰਗ ਉਦਯੋਗ ਮੁੱਖ ਰੂਪ ਨਾਲ 57 ਅਰਬ ਡਾਲਰ ਦੇ ਦੇਸ਼ ਦੇ ਆਟੋਮੋਟਿਵ ਉਦਯੋਗ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ, ਜੋ ਕਿ ਫੋਰਜਿੰਗ ਉਦਯੋਗ ਦੇ ਉਤਪਾਦਨ ਦਾ 60 ਤੋਂ 70 ਫ਼ੀਸਦੀ ਹਿੱਸਾ ਹੁੰਦਾ ਹੈ। ਆਟੋ ਸੈਕਟਰ ’ਚ ਚੱਲ ਰਹੀ ਮੰਦੀ ਕਾਰਣ ਫੋਰਜਿੰਗ ਉਦਯੋਗ ਦੀ ਮੰਗ ’ਚ 25 ਤੋਂ 30 ਫ਼ੀਸਦੀ ਦੀ ਔਸਤ ਗਿਰਾਵਟ ਵੇਖੀ ਗਈ ਹੈ।


Related News