ਜਲਦ ਮਿਲੇਗੀ ਜਹਾਜ਼ 'ਚ ਵਾਈ-ਫਾਈ ਦੀ ਮਨਜ਼ੂਰੀ

Thursday, Dec 14, 2017 - 08:07 AM (IST)

ਜਲਦ ਮਿਲੇਗੀ ਜਹਾਜ਼ 'ਚ ਵਾਈ-ਫਾਈ ਦੀ ਮਨਜ਼ੂਰੀ

ਨਵੀਂ ਦਿੱਲੀ— ਜਲਦ ਤੁਹਾਨੂੰ ਜਹਾਜ਼ 'ਚ ਸਫਰ ਦੌਰਾਨ ਵਾਈ-ਫਾਈ ਸੁਵਿਧਾ ਮਿਲ ਸਕਦੀ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਉਡਾਣ 'ਚ ਮੋਬਾਇਲ ਕੁਨੈਕਟੀਵਿਟੀ (ਇਨ ਫਲਾਈਟ) ਦੀ ਇਜਾਜ਼ਤ ਦੇਣ ਬਾਰੇ ਆਪਣੀਆਂ ਸਿਫਾਰਸ਼ਾਂ ਇਸ ਮਹੀਨੇ ਦੇ ਆਖਿਰ ਤੱਕ ਦੇਵੇਗੀ। ਇਸ ਤੋਂ ਇਲਾਵਾ ਰੈਗੂਲੇਟਰੀ ਦੂਰਸੰਚਾਰ ਵਿਭਾਗ ਨੂੰ ਪ੍ਰਸਤਾਵਿਤ ਨਵੀਂ ਦੂਰਸੰਚਾਰ ਨੀਤੀ (ਐੱਨ. ਟੀ. ਪੀ.) ਦੇ ਬਾਰੇ ਵੀ ਸੁਝਾਅ ਦੇਵੇਗੀ। ਟਰਾਈ ਨੇ ਐੱਨ. ਟੀ. ਪੀ. ਦੇ ਵੱਖ-ਵੱਖ ਪਹਿਲੂਆਂ 'ਤੇ ਸਲਾਹ-ਮਸ਼ਵਾਰੇ ਲਈ 4 ਕਾਰਜ ਸਮੂਹ ਬਣਾਏ ਹਨ। ਇਨ੍ਹਾਂ 'ਚ ਲਾਇਸੈਂਸਿੰਗ, ਬੁਨਿਆਦੀ ਢਾਂਚਾ ਅਤੇ ਬਰਾਡਬੈਂਡ ਵੀ ਸ਼ਾਮਲ ਹਨ। ਟਰਾਈ ਦੇ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਕਿਹਾ, ''ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਨਿਸ਼ਚਿਤ ਰੂਪ ਨਾਲ ਇਹ ਇਸ ਕੈਲੰਡਰ ਸਾਲ 'ਚ ਆ ਜਾਵੇਗੀ। ਮਤਲਬ ਅਗਲੇ 15 ਦਿਨਾਂ 'ਚ।'' ਸ਼ਰਮਾ ਨੇ ਹਾਲਾਂਕਿ ਇਸ ਦਾ ਜ਼ਿਆਦਾ ਬਿਓਰਾ ਦੇਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਇਸ ਦਾ ਵਿਆਪਕ ਬਿੰਦੂ ਇਹ ਹੈ ਕਿ ਇਸ ਫਲਾਈਟ ਕੁਨੈਕਟੀਵਿਟੀ ਨੂੰ ਮਨਜ਼ੂਰੀ ਮਿਲ ਜਾਵੇਗੀ।
ਮੋਜੋ ਨੈੱਟਵਰਕਸ ਦੇਸ਼ 'ਚ ਕਰ ਰਹੀ ਹੈ ਕਲਾਊਡ ਆਧਾਰਿਤ ਵਾਈ-ਫਾਈ ਦੀ ਸ਼ੁਰੂਆਤ
ਸਰਕਾਰੀ ਸੰਸਥਾਨਾਂ ਅਤੇ ਵਿੱਤੀ ਸੰਸਥਾਨਾਂ ਸਣੇ ਕਾਰਪੋਰੇਟ ਜਗਤ ਨੂੰ ਵੱਡੇ ਪੱਧਰ 'ਤੇ ਅਤਿ-ਆਧੁਨਿਕ ਵਾਈ-ਫਾਈ ਸੇਵਾ ਦੇਣ ਵਾਲੀ ਕੰਪਨੀ ਮੋਜੋ ਨੈੱਟਵਰਕਸ ਨੇ ਦੇਸ਼ 'ਚ ਕਲਾਊਡ ਆਧਾਰਿਤ ਵਾਈ-ਫਾਈ ਨੈੱਟਵਰਕ ਦਾ ਵਿਸਥਾਰ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਦਾ ਕਹਿਣਾ ਹੈ ਕਿ ਵਾਈ-ਫਾਈ ਦੀ ਕਲਾਊਡ ਆਧਾਰਿਤ ਟੈਕਨਾਲੋਜੀ ਪ੍ਰੰਪਾਰਿਕ ਵਾਈ-ਫਾਈ ਸੇਵਾਵਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹੈ। ਮੋਜੋ ਨੈੱਟਵਰਕਸ ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਕਿਰਨ ਦੇਸ਼ ਪਾਂਡੇ ਨੇ ਕਿਹਾ, ''ਕੰਪਨੀ ਦਾ ਟੀਚਾ ਦੇਸ਼ 'ਚ ਵੱਡੇ ਪੱਧਰ 'ਤੇ ਇਸ ਤਰ੍ਹਾਂ ਦੀ ਕਲਾਊਡ ਆਧਾਰਿਤ ਵਾਈ-ਫਾਈ ਸੇਵਾ ਮੁਹੱਈਆ ਕਰਵਾਉਣ ਦਾ ਹੈ। ਇਸ ਲਈ ਸਰਵਰ ਭਾਰਤ 'ਚ ਹੀ ਹੋਸਟ ਕੀਤਾ ਜਾਏ।''


Related News