ਥੋਕ ਮਹਿੰਗਾਈ ਵਧ ਕੇ ਪਹੁੰਚੀ 15.88 ਫੀਸਦੀ ’ਤੇ 14 ਮਹੀਨਿਆਂ ਤੋਂ 2 ਅੰਕਾਂ ’ਚ
Wednesday, Jun 15, 2022 - 03:06 PM (IST)
ਨਵੀਂ ਦਿੱਲੀ– ਮਈ ’ਚ ਥੋਕ ਮਹਿੰਗਾਈ ਦਰ ’ਚ ਵਾਧਾ ਹੋਇਆ ਹੈ। ਮਹੀਨੇ ਦਰ ਮਹੀਨੇ ਦੇ ਆਧਾਰ ’ਤੇ ਮਈ ’ਚ ਥੋਕ ਮਹਿੰਗਾਈ 15.08 ਫੀਸਦੀ ਤੋਂ ਵਧ ਕੇ 15.88 ਫੀਸਦੀ ’ਤੇ ਆ ਗਈ ਹੈ। ਪਿਛਲੇ 14 ਮਹੀਨਿਆਂ ਤੋਂ ਲਗਾਤਾਰ ਥੋਕ ਮਹਿੰਗਾਈ ਦੋਹਰੇ ਅੰਕਾਂ ’ਚ ਹੈ। ਮਈ ’ਚ ਕੋਰ ਮਹਿੰਗਾਈ ਰੇਟ 10.50 ਫੀਸਦੀ ਰਿਹਾ ਹੈ। ਮਈ 2022 ’ਚ ਥੋਕ ਮਹਿੰਗਾਈ ਦੇ 15.50 ਫੀਸਦੀ ’ਤੇ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਆਲੂ, ਸਬਜ਼ੀਆਂ ਅਤੇ ਆਂਡੇ ਅਤੇ ਮਾਸ ਦੀਆਂ ਥੋਕ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ। ਉੱਥੇ ਹੀ ਖਾਣ ਵਾਲੇ ਤੇਲ ਅਤੇ ਪਿਆਜ਼ ਦੀਆਂ ਥੋਕ ਕੀਮਤਾਂ ਡਿਗੀਆਂ ਹਨ।
ਮਈ 2022 ’ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਥੋਕ ਮਹਿੰਗਾਈਦਰ ’ਚ ਅਪ੍ਰੈਲ ਦੇ ਮੁਕਾਬਲੇ ਉਛਾਲ ਆਇਆ ਹੈ ਅਤੇ ਇਹ 8.88 ਫੀਸਦੀ ਤੋਂ ਵਧ ਕੇ 10.89 ਫੀਸਦੀ ’ਤੇ ਆ ਗਈ ਹੈ। ਇਸ ਮਿਆਦ ’ਚ ਫਿਊਲ ਐਂਡ ਪਾਵਰ ਹੋਲਸੇਲ ਪ੍ਰਾਈਸ ਇੰਡੈਕਸ (ਡਬਲਯੂ. ਪੀ. ਆਈ.) ਵੀ ਅਪ੍ਰੈਲ ਦੇ 38.66 ਫੀਸਦੀ ਤੋਂ ਵਧ ਕੇ 40.62 ਫੀਸਦੀ ਹੋ ਗਿਆ ਹੈ।
ਖਾਣ ਵਾਲਾ ਤੇਲ ਹੋਇਆ ਸਸਤਾ
ਇਕ ਰਿਪੋਰਟ ਮੁਤਾਬਕ ਮਈ ’ਚ ਖਾਣ ਵਾਲੇ ਤੇਲ ਦੀ ਥੋਕ ਮਹਿੰਗਾਈ ਦਰ ’ਚ ਜ਼ਰੂਰ ਗਿਰਾਵਟ ਆਈ ਹੈ। ਅਪ੍ਰੈਲ ’ਚ ਇਹ ਜਿੱਥੇ 15.05 ਫੀਸਦੀ ਸੀ, ਉੱਥੇ ਹੀ ਮਈ ’ਚ ਇਹ ਘਟ ਕੇ 11.41 ਫੀਸਦੀ ’ਤੇ ਆ ਗਈ ਹੈ। ਮਈ ’ਚ ਆਲੂ ਦਾ ਥੋਕ ਭਾਅ ਵਧਿਆ ਹੈ। ਆਲੂ ਦੀ ਥੋਕ ਮਹਿੰਗਾਈ ਦਰ ਅਪ੍ਰੈਲ ’ਚ 19.84 ਫੀਸਦੀ ਸੀ ਜੋ ਮਈ ’ਚ ਕਰੀਬ 5 ਫੀਸਦੀ ਵਧ ਕੇ 24.83 ਫੀਸਦੀ ਹੋ ਗਈ। ਇਸ ਮਿਆਦ ’ਚ ਪਿਆਜ਼ ਦੀ ਥੋਕ ਮਹਿੰਗਾਈ ਦਰ ’ਚ ਗਿਰਾਵਟ ਆਈ ਹੈ। ਅਪ੍ਰੈਲ ’ਚ ਇਹ -4.02 ਫੀਸਦੀ ਸੀ ਜੋ ਮਈ ’ਚ -20.40 ਫੀਸਦੀ ਰਹਿ ਗਈ।
ਸਬਜ਼ੀਆਂ ਦੀਆਂ ਕੀਮਤਾਂ ਵਧੀਆਂ
ਮਈ ’ਚ ਸਬਜ਼ੀਆਂ ਦੀਆਂ ਥੋਕ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ। ਅਪ੍ਰੈਲ ’ਚ ਸਬਜ਼ੀਆਂ ਦੀ ਥੋਕ ਮਹਿੰਗਾਈ ਦਰ 23.24 ਫੀਸਦੀ ਸੀ ਜੋ ਮਈ ’ਚ ਲਗਭਗ ਦੁੱਗਣੀ ਹੋ ਕੇ 56.36 ਫੀਸਦੀ ’ਤੇ ਪਹੁੰਚ ਗਈ। ਇਸ ਤਰ੍ਹਾਂ ਆਂਡੇ ਅਤੇ ਮਾਸ ਦੀਆਂ ਥੋਕ ਕੀਮਤਾਂ ’ਚ ਵੀ ਮਈ ’ਚ ਭਾਰੀ ਵਾਧਾ ਹੋਇਆ ਹੈ। ਇਨ੍ਹਾਂ ਦੀ ਥੋਕ ਮਹਿੰਗਾਈ ਦਰ ਅਪ੍ਰੈਲ ਦੇ 4.50 ਫੀਸਦੀ ਤੋਂ ਵਧ ਕੇ 7.78 ਫੀਸਦੀ ’ਤੇ ਆ ਗਈ ਹੈ। ਦੱਸ ਦਈਏ ਕਿ ਮਾਰਚ ਦੀ ਸੋਧੀ ਮਹਿੰਗਾਈ ਦਰ 14.55 ਫੀਸਦੀ ਤੋਂ ਵਧ ਕੇ 14.63 ਫੀਸਦੀ ਰਹੀ ਸੀ। ਉੱਥੇ ਹੀ ਮਈ ’ਚ ਕੋਰ ਡਬਲਯੂ. ਪੀ. ਆਈ. ਅਪ੍ਰੈਲ ਦੇ 11 ਫੀਸਦੀ ਤੋਂ ਘਟ ਕੇ 10.05 ਫੀਸਦੀ ’ਤੇ ਰਹੀ ਹੈ।