ਕੌਣ ਬਣੇਗਾ ਵਿੱਤ ਮੰਤਰੀ? ਗੋਇਲ ਨੂੰ ਮਿਲੇਗੀ ਗੱਦੀ ਜਾਂ ਮੋਦੀ ਕਰਨਗੇ ਹੈਰਾਨ
Wednesday, May 29, 2019 - 03:55 PM (IST)
ਨਵੀਂ ਦਿੱਲੀ— ਨਰਿੰਦਰ ਮੋਦੀ 30 ਮਈ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਨ ਵਾਲੇ ਹਨ। ਇਸ ਵਿਚਕਾਰ ਹੁਣ ਉਨ੍ਹਾਂ ਦੇ ਮੰਤਰੀ ਮੰਡਲ ਦੀ ਤਸਵੀਰ ਵੀ ਸਾਫ ਹੋਣ ਜਾ ਰਹੀ ਹੈ। ਪਾਰਟੀ ਦੇ ਦਿੱਗਜ ਨੇਤਾ ਤੇ ਪਿਛਲੀ ਸਰਕਾਰ 'ਚ ਵਿੱਤ ਮੰਤਰੀ ਰਹੇ ਅਰੁਣ ਜੇਤਲੀ ਨੇ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਇਸ ਕਾਰਜਕਾਲ 'ਚ ਉਨ੍ਹਾਂ ਨੂੰ ਮੰਤਰੀ ਨਾ ਬਣਾਇਆ ਜਾਵੇ ਕਿਉਂਕਿ ਉਨ੍ਹਾਂ ਦੀ ਸਿਹਤ ਖਰਾਬ ਹੈ। ਇਸ ਵਿਚਕਾਰ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਦੇਸ਼ ਦਾ ਅਗਲਾ ਵਿੱਤ ਮੰਤਰੀ ਕੌਣ ਹੋਵੇਗਾ? ਕੀ ਪਹਿਲਾਂ ਦੀ ਤਰ੍ਹਾਂ ਪਿਊਸ਼ ਗੋਇਲ ਇਹ ਗੱਦੀ ਸੰਭਾਲਣਗੇ ਜਾਂ ਫਿਰ ਨਰਿੰਦਰ ਮੋਦੀ ਕਿਸੇ ਹੋਰ ਨੂੰ ਕਮਾਨ ਦੇ ਕੇ ਸਭ ਨੂੰ ਹੈਰਾਨ ਕਰ ਸਕਦੇ ਹਨ।
ਕੀ ਪਿਊਸ਼ ਬਣਨਗੇ ਵਿੱਤ ਮੰਤਰੀ?
ਪਿਊਸ਼ ਗੋਇਲ ਦਾ ਨਾਮ ਭਾਵੇਂ ਹੀ ਅੱਗੇ ਹੋਵੇ, ਇਹ ਪੱਕਾ ਵੀ ਨਹੀਂ ਹੈ ਪਰ ਬਾਜ਼ਾਰ ਇਸ ਵਕਤ ਪਿਊਸ਼ ਗੋਇਲ 'ਤੇ ਨਜ਼ਰ ਲਗਾ ਕੇ ਬੈਠਾ ਹੈ, ਜੇਕਰ ਨਿਵੇਸ਼ਕਾਂ ਦੀ ਉਮੀਦ ਮੁਤਾਬਕ ਗੋਇਲ ਨੂੰ ਕਮਾਨ ਮਿਲਦੀ ਹੈ ਤਾਂ ਬਾਜ਼ਾਰ 'ਚ ਰੌਣਕ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪਿਛਲੀ ਵਾਰ ਅਰੁਣ ਜੇਤਲੀ ਦੀ ਗੈਰ ਹਾਜ਼ਰੀ 'ਚ ਪਿਊਸ਼ ਦਾ ਕੰਮਕਾਜ ਬਾਜ਼ਾਰ ਪਹਿਲਾਂ ਹੀ ਦੇਖ ਚੁੱਕਾ ਹੈ।
ਕਈ ਹੋਰਾਂ ਦੇ ਨਾਮ ਵੀ ਇਸ ਲਈ ਸਾਹਮਣੇ ਆ ਰਹੇ ਹਨ। ਇਨ੍ਹਾਂ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਨਾਮ ਵੀ ਸ਼ਾਮਲ ਹੈ। ਜੇਕਰ ਅਮਿਤ ਸ਼ਾਹ ਸਰਕਾਰ ਦਾ ਹਿੱਸਾ ਬਣਦੇ ਹਨ ਤਾਂ ਉਹ ਵਿੱਤ ਮੰਤਰਾਲਾ ਜਾਂ ਫਿਰ ਗ੍ਰਹਿ ਮੰਤਰਾਲਾ ਹੀ ਸੰਭਾਲ ਸਕਦੇ ਹਨ। ਤੀਜਾ ਨਾਮ ਜਯੰਤ ਸਿਨਹਾ ਦਾ ਵੀ ਚੱਲ ਰਿਹਾ ਹੈ। ਉੱਥੇ ਹੀ ਨਿਰਮਲਾ ਸੀਤਾਰਮਣ ਦਾ ਨਾਮ ਵੀ ਚਰਚਾ 'ਚ ਹੈ। ਹਾਲਾਂਕਿ ਹੁਣ ਤਕ ਇਹ ਸਭ ਅੰਦਾਜ਼ੇ ਹਨ। ਵੀਰਵਾਰ ਨੂੰ ਜਦੋਂ ਸਹੁੰ ਚੁੱਕ ਸਮਾਗਮ ਹੋਵੇਗਾ ਤੇ ਉਸ ਮਗਰੋਂ ਮੰਤਰਾਲੇ ਵੰਡੇ ਜਾਣਗੇ ਤਦ ਇਹ ਤਸਵੀਰ ਸਾਫ ਹੋਵੇਗੀ।
