ਸਸਤੀ ਹੋਈ ਕਣਕ, ਕਰੀਬ 5 ਰੁਪਏ ਪ੍ਰਤੀ ਕਿਲੋ ਘਟੇ ਰੇਟ
Thursday, Feb 16, 2023 - 10:57 AM (IST)
ਨਵੀਂ ਦਿੱਲੀ–ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਕੇਂਦਰ ਦੇ ਖੁੱਲ੍ਹੇ ਬਾਜ਼ਾਰ ’ਚ 30 ਲੱਖ ਟਨ ਕਣਕ ਵੇਚਣ ਦੇ ਫੈਸਲੇ ਤੋਂ ਬਾਅਦ ਥੋਕ ਅਤੇ ਪ੍ਰਚੂਨ ਬਾਜ਼ਾਰਾਂ ’ਚ ਕਣਕ ਦੀਆਂ ਕੀਮਤਾਂ ’ਚ ਕਰੀਬ 5 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਦਰਾਂ ਨੂੰ ਘੱਟ ਕਰਨ ਲਈ ਜੇ ਜ਼ਰੂਰੀ ਹੋਇਆ ਤਾਂ ਹੋਰ ਕਦਮ ਉਠਾਏ ਜਾਣਗੇ। ਖੁਰਾਕ ਸਕੱਤਰ ਨੇ ਕਿਹਾ ਕਿ ਥੋਕ ਮੁੱਲ 3,000 ਰੁਪਏ ਪ੍ਰਤੀ ਕੁਇੰਟਲ ਤੋਂ ਡਿਗ ਕੇ ਲਗਭਗ 2,500 ਰੁਪਏ ਪ੍ਰਤੀ ਕੁਇੰਟਲ ਰਹਿ ਗਿਆ ਹੈ ਜਦ ਕਿ ਪ੍ਰਚੂਨ ਮੁੱਲ 3300-3400 ਰੁਪਏ ਪ੍ਰਤੀ ਕੁਇੰਟਲ ਤੋਂ ਘਟ ਕੇ 2800-2900 ਰੁਪਏ ਪ੍ਰਤੀ ਕੁਇੰਟਲ ਰਹਿ ਗਿਆ ਹੈ।
ਇਹ ਵੀ ਪੜ੍ਹੋ-SBI ਦੇ ਗਾਹਕਾਂ ਲਈ ਬੁਰੀ ਖ਼ਬਰ, ਲੋਨ ਲੈ ਕੇ ਗੱਡੀ-ਮਕਾਨ ਦਾ ਸੁਫ਼ਨਾ ਪੂਰਾ ਕਰਨਾ ਹੋਇਆ ਮਹਿੰਗਾ
ਚੋਪੜਾ ਨੇ ਕਿਹਾ ਕਿ ਸਰਕਾਰ ਕਣਕ ਅਤੇ ਆਟੇ (ਕਣਕ ਦਾ ਆਟਾ) ਦੀਆਂ ਕੀਮਤਾਂ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ ਅਤੇ ਲੋੜ ਪੈਣ ’ਤੇ ਕੀਮਤਾਂ ਨੂੰ ਘੱਟ ਕਰਨ ਅਤੇ ਖਪਤਕਾਰਾਂ ਨੂੰ ਰਾਹਤ ਦੇਣ ਲਈ ਮੁਕਤ ਬਾਜ਼ਾਰ ਵਿਕਰੀ ਯੋਜਨਾ (ਓ. ਐੱਮ. ਐੱਸ. ਐੱਸ.) ਦੇ ਤਹਿਤ ਵਧੇਰੇ ਕਣਕ ਦੀ ਪੇਸ਼ਕਸ਼ ਕਰਨ ਸਮੇਤ ਹੋਰ ਕਦਮ ਉਠਾਏਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਣਕ ਦੇ ਐਕਸਪੋਰਟ ’ਤੇ ਪਾਬੰਦੀ ਹਟਾਉਣ ਦੇ ਕਿਸੇ ਵੀ ਪ੍ਰਸਤਾਵ ’ਤੇ ਹਾਲੇ ਵਿਚਾਰ ਨਹੀਂ ਕਰ ਰਹੀ ਹੈ। ਇਹ ਪਾਬੰਦੀ ਪਿਛਲੇ ਸਾਲ ਮਈ ’ਚ ਕਣਕ ਦੀ ਖਰੀਦ ’ਚ ਭਾਰੀ ਗਿਰਾਵਟ ਤੋਂ ਬਾਅਦ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ-HDFC ਬਾਂਡ ਨਾਲ ਜੁਟਾਏਗੀ 25,000 ਕਰੋੜ ਰੁਪਏ
ਕੀਮਤਾਂ ’ਚ ਆਵੇਗੀ ਹੋਰ ਗਿਰਾਵਟਚੋਪੜਾ ਨੇ ਕਿਹਾ ਕਿ ਜਨਵਰੀ ’ਚ ਓ. ਐੱਮ. ਐੱਸ. ਐੱਸ. ਦੇ ਐਲਾਨ ਤੋਂ ਬਾਅਦ ਕਣਕ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ। ਥੋਕ ਬਾਜ਼ਾਰਾਂ ’ਚ ਕਣਕ ਦੀਆਂ ਕੀਮਤਾਂ 2500 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਘੱਟ ਚੱਲ ਰਹੀਆਂ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ’ਚ ਕੀਮਤਾਂ ’ਚ ਹੋਰ ਗਿਰਾਵਟ ਆਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਰਕਾਰ ਨੇ ਕਣਕ ਅਤੇ ਕਣਕ ਦੇ ਆਟੇ ਦੀਆਂ ਵਧਦੀਆਂ ਕੀਮਤਾਂ ’ਤੇ ਰੋਕ ਲਗਾਉਣ ਲਈ ਓ. ਐੱਮ. ਐੱਸ. ਐੱਸ. ਦੇ ਤਹਿਤ ਆਪਣੇ ਬਫਰ ਸਟਾਕ ਨਾਲ ਖੁੱਲ੍ਹੇ ਬਾਜ਼ਾਰ ’ਚ 30 ਲੱਖ ਟਨ ਕਣਕ ਵੇਚਣ ਦੀ ਯੋਜਨਾ ਦਾ ਐਲਾਨ ਕੀਤਾ ਸੀ। 30 ਲੱਖ ਟਨ ’ਚੋਂ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਈ-ਨੀਲਾਮੀ ਦੇ ਮਾਧਿਅਮ ਰਾਹੀਂ ਆਟਾ ਚੱਕੀ ਵਰਗੇ ਥੋਕ ਖਪਤਕਾਰਾਂ ਨੂੰ 25 ਲੱਖ (2.5 ਮਿਲੀਅਨ) ਟਨ ਕਣਕ ਵੇਚੇਗਾ ਅਤੇ ਦੋ ਲੱਖ ਟਨ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਜਾਵੇਗਾ। ਕਣਕ ਨੂੰ ਆਟੇ ’ਚ ਬਦਲਣ ਲਈ ਸੰਸਥਾਨਾਂ ਅਤੇ ਰਾਜ-ਪੀ. ਐੱਸ. ਯੂ. ਨੂੰ 3 ਲੱਖ ਟਨ ਕਣਕ ਰਿਆਇਤੀ ਦਰ ’ਤੇ ਮੁਹੱਈਆ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਹਾਲ ਹੀ ’ਚ ਨੈਫੇਡ ਅਤੇ ਕੇਂਦਰੀ ਭੰਡਾਰ ਵਰਗੇ ਸੰਸਥਾਨਾਂ ਲਈ ਕਣਕ ਨੂੰ ਆਟੇ ’ਚ ਬਦਲਣ ਅਤੇ ਖਪਤਕਾਰਾਂ ਨੂੰ 27.50 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਵੇਚਣ ਲਈ ਕੀਮਤਾਂ ਨੂੰ 23.50 ਰੁਪਏ ਤੋਂ ਘਟਾ ਕੇ 21.50 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤਾ ਹੈ ਜਦ ਕਿ ਪਹਿਲਾਂ ਦੀ ਦਰ 29.50 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।