ਵਟਸਐਪ ਦੇ ਚੀਫ ਬਿਜ਼ਨੈੱਸ ਆਫਿਸਰ ਨੀਰਜ ਅਰੋੜਾ ਨੇ ਦਿੱਤਾ ਅਸਤੀਫਾ
Tuesday, Nov 27, 2018 - 06:17 PM (IST)

ਗੈਜੇਟ ਡੈਸਕ— ਵਟਸਐਪ ਦੇ ਭਾਰਤੀ ਮੂਲ ਦੇ ਚੀਫ ਬਿਜ਼ਨੈੱਸ ਆਫਿਸਰ ਨੀਰਜ ਅਰੋੜਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨੀਰਜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਵਤੀਤ ਕਰਨ ਦੀ ਜ਼ਰੂਰਤ ਹੈ। ਅਰੋੜਾ ਫੇਸਬੁੱਕ ਰਾਹੀਂ ਵਟਸਐਪ ਦੇ ਰਲੇਵੇਂ ਤੋਂ ਪਹਿਲਾਂ 2011 ਤੋਂ ਇਸ ਨਾਲ ਜੁੜੇ ਹੋਏ ਹਨ। ਇੰਡੀਅਨ ਸਕੂਲ ਆਫ ਬਿਜ਼ਨੈੱਸ (ਆਈ.ਐੱਸ.ਬੀ.) ਦੇ ਸਾਬਕਾ ਵਿਦਿਆਰਥੀ ਅਰੋੜਾ ਨੇ ਵਟਸਐਪ ਦੇ ਰਲੇਵੇਂ ਨੂੰ ਪੂਰਾ ਕਰਨ 'ਚ ਅਹਿਮ ਭੂਮੀਕਾ ਨਿਭਾਈ ਸੀ।
ਉਹ ਵਟਸਐਪ ਨਾਲ ਜੁੜਨ ਤੋਂ ਪਹਿਲਾਂ ਗੂਗਲ 'ਚ ਵੀ ਕੰਮ ਕਰ ਚੁੱਕੇ ਹਨ। ਅਰੋੜਾ ਨੇ ਮੰਗਲਵਾਰ ਨੂੰ ਇਕ ਪੋਸਟ 'ਚ ਕਿਹਾ ਕਿ ਵਿਸ਼ਵਾਸ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਮੈਨੂੰ ਇਥੇ ਸੱਤ ਸਾਲ ਹੋ ਗਏ ਹਨ। ਜੈਨ ਕਾਮ ਅਤੇ ਬ੍ਰਾਇਨ ਐਕਟਨ ਮੈਨੂੰ ਇਥੇ ਲੈ ਕੇ ਆਏ ਸਨ। ਇਹ ਬਿਹਤਰੀਨ ਯਾਤਰਾ ਰਹੀ। ਮੈ ਜੈਨ ਅਤੇ ਬ੍ਰਾਇਨ ਦਾ ਸ਼ੁੱਕਰਗੁਜਾਰ ਹਾਂ। ਜਿਨ੍ਹਾਂ ਨੇ ਆਪਣੇ ਕਾਰੋਬਾਰੀ ਸਹਾਇਕ ਦੇ ਤੌਰ 'ਤੇ ਇਨ੍ਹੇਂ ਸਾਲਾਂ ਤੱਕ ਮੇਰੇ 'ਤੇ ਵਿਸ਼ਵਾਸ ਕੀਤਾ।