WCL ਦਾ 2026-27 ਤੱਕ 10 ਕਰੋੜ ਟਨ ਕੋਲਾ ਉਤਪਾਦਨ ਦਾ ਟੀਚਾ : ਗਡਕਰੀ

06/06/2020 4:16:56 PM

ਨਵੀਂ ਦਿੱਲੀ— ਕੋਲ ਇੰਡੀਆ ਦੀ ਇਕਾਈ ਵੈਸਟਰਨ ਕੋਲਫੀਲਡਸ ਲਿਮ. (ਡਬਲਿਊ. ਸੀ. ਐੱਲ.) ਨੇ 2026-27 ਤੱਕ 10 ਕਰੋੜ ਟਨ ਕੋਲਾ ਉਤਪਾਦਨ ਦਾ ਟੀਚਾ ਰੱਖਿਆ ਹੈ। ਕੇਂਦਰੀ ਸੜ ਆਵਾਜਾਈ ਤੇ ਰਾਜਮਾਰਗ ਅਤੇ ਐੱਮ. ਐੱਸ. ਐੱਮ. ਈ. ਮੰਤਰੀ ਨਿਤਿਨ ਗਡਕਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਵੀਡੀਓ ਕਾਨਫਰੰਸ ਜ਼ਰੀਏ ਡਬਲਿਊ. ਸੀ. ਐੱਲ. ਦੀਆਂ ਤਿੰਨ ਖਦਾਨਾਂ ਦਾ ਉਦਘਾਟਨ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਕੰਪਨੀ ਦੀ ਯੋਜਨਾ ਚਾਰ ਸਾਲਾਂ 'ਚ 20 ਹੋਰ ਖਦਾਨਾਂ ਦਾ ਵਿਕਾਸ ਕਰਨ ਦੀ ਹੈ। ਇਸ ਮੌਕੇ 'ਤੇ ਗਡਕਰੀ ਨੇ ਕੰਪਨੀ ਨੂੰ ਕਿਹਾ ਕਿ ਉਹ ਆਪਣੇ ਪ੍ਰਾਜੈਕਟਾਂ 'ਚ ਸਥਾਨਕ ਲੋਕਾਂ ਨੂੰ ਜ਼ਿਆਦਾ ਰੋਜ਼ਗਾਰ ਦੇਣ। ਮੰਤਰੀ ਨੇ ਕਿਹਾ, ''ਡਬਲਿਊ. ਸੀ. ਐੱਲ. ਦਾ ਪੂੰਜੀਗਤ ਨਿਵੇਸ਼ 5,300 ਕਰੋੜ ਰੁਪਏ ਰਹੇਗਾ। ਮੈਂ ਕੰਪਨੀ ਨੂੰ ਬੇਨਤੀ ਕਰਾਂਗਾ ਕਿ ਉਹ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕਰੇ, ਬੇਸ਼ੱਕ ਇਸ ਲਈ ਨਿਯਮਾਂ 'ਚ ਕੁਝ ਢਿੱਲ ਦੇਣ ਦੀ ਜ਼ਰੂਰਤ ਕਿਉਂ ਨਾ ਹੋਵੇ।''
ਉਨ੍ਹਾਂ ਨੇ ਕੰਪਨੀ ਨੂੰ ਕਿਹਾ ਕਿ ਉਹ ਗਰੀਬਾਂ ਨੂੰ ਘਰ ਬਣਾਉਣ ਲਈ ਰੇਤ ਸਸਤੀ ਦਰ 'ਤੇ ਉਪਲੱਬਧ ਕਰਾਏ। ਗਡਕਰੀ ਨੇ ਦੱਸਿਆ ਕਿ ਕੰਪਨੀ ਪਹਿਲਾਂ ਹੀ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਆਈ.) ਅਤੇ ਹੋਰ ਸਰਕਾਰੀ ਏਜੰਸੀਆਂ ਨੂੰ ਰੇਤ ਸਸਤੀ ਕੀਮਤ 'ਤੇ ਉਪਲੱਬਧ ਕਰਾ ਰਹੀ ਹੈ। ਗਡਕਰੀ ਨੇ ਕਿਹਾ ਕਿ ਰੇਤ ਦੀ ਨਿਲਾਮੀ ਲਈ ਪਾਰਦਰਸ਼ੀ ਵਿਵਸਥਾ ਹੋਣੀ ਚਾਹੀਦੀ ਹੈ। ਅਜਿਹਾ ਨਾ ਹੋਣ 'ਤੇ ਇਸ ਦੀ ਕਾਲਾਬਾਜ਼ਾਰੀ ਹੁੰਦੀ ਹੈ ਅਤੇ ਬਾਅਦ 'ਚ ਕਾਨੂੰਨੀ ਵਿਵਾਦ ਸ਼ੁਰੂ ਹੋ ਜਾਂਦਾ ਹੈ। ਗਡਕਰੀ ਨੇ ਕਿਹਾ ਕਿ ਡਬਲਿਊ. ਸੀ. ਐੱਲ. ਵੱਲੋਂ ਐੱਨ. ਐੱਚ. ਆਈ., ਪੀ. ਐੱਮ. ਆਵਾਸ ਯੋਜਨਾ ਅਤੇ ਸਰਕਾਰੀ ਇਕਾਈਆਂ ਨੂੰ ਸਸਤੀ ਕੀਮਤ 'ਤੇ ਰੇਤ ਉਪਲੱਬਧ ਕਰਾਈ ਜਾ ਰਹੀ ਹੈ।


Sanjeev

Content Editor

Related News