''ਡਰਾਈ ਫਰੂਟਸ'' ਹੁਣ 50% ਮਹਿੰਗਾ, ਤਿਉਹਾਰਾਂ ''ਚ ਲੱਗ ਸਕਦੀ ਹੈ ਹੋਰ ਅੱਗ

08/14/2019 3:45:13 PM

ਨਵੀਂ ਦਿੱਲੀ— ਤਿਉਹਾਰੀ ਸੀਜ਼ਨ ਤੋਂ ਪਹਿਲਾਂ ਹੀ ਅਖਰੋਟ ਤੇ ਬਦਾਮ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋ ਚੁੱਕਾ ਹੈ। ਡਰਾਈ ਫਰੂਟਸ ਪ੍ਰਚੂਨਰਾਂ ਮੁਤਾਬਕ, ਸਪਲਾਈ ਘੱਟ ਹੋਣ ਕਾਰਨ ਅਖਰੋਟ ਤੇ ਬਦਾਮ ਦੀਆਂ ਥੋਕ ਕੀਮਤਾਂ 'ਚ ਪਿਛਲੇ ਸਾਲ ਦੀ ਤੁਲਨਾ 'ਚ 50 ਫੀਸਦੀ ਤੇ 20 ਫੀਸਦੀ ਤਕ ਦਾ ਵਾਧਾ ਹੋਇਆ ਹੈ।

 

ਉਨ੍ਹਾਂ ਦਾ ਕਹਿਣਾ ਹੈ ਕਿ ਡਰਾਈ ਫਰੂਟਸ ਕੀਮਤਾਂ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਆਉਣ ਵਾਲੇ ਹਫਤਿਆਂ 'ਚ ਤਿਉਹਾਰੀ ਮੰਗ ਵਧੇਗੀ, ਜੋ ਪਿਛਲੇ ਸਾਲਾਂ ਦੀ ਤੁਲਨਾ 'ਚ ਪਹਿਲਾਂ ਹੀ ਦੋਹਰੇ ਅੰਕਾਂ ਨਾਲ ਵਧ ਰਹੀ ਹੈ। ਭਾਰਤ ਪ੍ਰਮੁੱਖ ਤੌਰ 'ਤੇ ਅਫਗਾਨਿਸਤਾਨ ਤੋਂ ਖਜੂਰ, ਬਦਾਮ ਅਤੇ ਅਖਰੋਟ ਦਰਾਮਦ ਕਰਦਾ ਹੈ ਜਿਨ੍ਹਾਂ ਦੀ ਸਪਲਾਈ ਪਾਕਿਸਤਾਨ ਦੇ ਰਸਤਿਓਂ ਹੋ ਰਹੀ ਸੀ। ਹਾਲਾਂਕਿ, ਪਾਕਿ ਤੋਂ ਦਰਾਮਦ ਪਹਿਲਾਂ ਹੀ ਬਹੁਤ ਘੱਟ ਹੋ ਰਹੀ ਸੀ ਕਿਉਂਕਿ ਫਰਵਰੀ 'ਚ ਪੁਲਵਾਮਾ ਹਮਲੇ ਮਗਰੋਂ ਭਾਰਤ ਨੇ ਇੰਪੋਰਟ ਡਿਊਟੀ 200 ਫੀਸਦੀ ਤਕ ਵਧਾ ਦਿੱਤੀ ਸੀ।
ਡਰਾਈ ਫਰੂਟਸ ਰਿਟੇਲਰਾਂ ਮੁਤਾਬਕ, ਵਿਕਰੇਤਾਵਾਂ ਕੋਲ ਮੌਜੂਦਾ ਸਟਾਕ ਘੱਟ ਹੋਣ ਅਤੇ ਸਪਲਾਈ ਹੌਲੀ ਹੋਣ ਨਾਲ ਬਦਾਮ ਕੀਮਤਾਂ 'ਚ ਜਲਦ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਭਾਰਤ ਨੇ ਹਾਲ ਹੀ 'ਚ 28 ਅਮਰੀਕੀ ਪ੍ਰਾਡਕਟਸ 'ਤੇ ਵੀ ਡਿਊਟੀ ਵਧਾਈ ਸੀ, ਜਿਨ੍ਹਾਂ 'ਚ ਅਖਰੋਟ ਅਤੇ ਬਦਾਮ ਵੀ ਸ਼ਾਮਲ ਹਨ। ਉੱਥੇ ਹੀ,ਪ੍ਰਸਿੱਧ ਅਫਗਾਨੀ ਬਦਾਮ ਦੀ ਕੀਮਤ ਥੋਕ ਬਾਜ਼ਾਰ 'ਚ 3,000 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਡਰਾਈ ਫਰੂਟਸ ਪ੍ਰਚੂਨਰਾਂ ਨੂੰ ਲੱਗਦਾ ਹੈ ਕਿ ਹੁਣ ਖੇਪ ਦੁਬਈ ਤੇ ਹਵਾਈ ਮਾਰਗ ਰਾਹੀਂ ਆਵੇਗੀ, ਜਿਸ ਨਾਲ ਲਾਗਤ 'ਚ ਹੋਰ ਵਾਧਾ ਹੋਵੇਗਾ।


Related News