ਤਾਨਾਸ਼ਾਹ ਹਿਟਲਰ ਦੀ ਪਸੰਦੀਦਾ ਕਾਰ ਬੀਟਲ ਦਾ ਪ੍ਰਾਡਕਸ਼ਨ ਹੋਵੇਗਾ ਬੰਦ

Saturday, Sep 15, 2018 - 11:09 AM (IST)

ਨਿਊਯਾਰਕ— ਜਰਮਨੀ ਦੇ ਤਾਨਾਸ਼ਾਹ ਹਿਟਲਰ ਦੀ ਪਸੰਦ ਰਹਿ ਚੁੱਕੀ ਬੀਟਲ ਕਾਰ ਹੁਣ ਬੰਦ ਹੋਣ ਜਾ ਰਹੀ ਹੈ। ਇਕ ਸਮੇਂ ਇਸ ਕਾਰ ਨੇ ਆਮ ਲੋਕਾਂ ਦੀ ਕਾਰ ਦੇ ਤੌਰ 'ਤੇ ਦੁਨੀਆ ਭਰ 'ਚ ਧੂੰਮ ਮਚਾਈ ਸੀ। ਪਿਛਲੇ ਕਈ ਸਾਲਾਂ ਤੋਂ ਇਸ ਨੇ ਦੁਨੀਆ ਭਰ ਦੀਆਂ ਸੜਕਾਂ 'ਤੇ ਇਕ ਖਾਸ ਪਛਾਣ ਬਣਾਈ ਹੈ। ਬੀਟਲ ਦੀ ਨਿਰਮਾਤਾ ਕੰਪਨੀ ਫਾਕਸਵੈਗਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਸ ਦੇ ਅੰਤਿਮ ਸੰਸਕਰਣਾਂ ਦੇ ਇਕ ਜੋੜੇ ਦਾ ਉਤਪਾਦਨ ਕਰਕੇ 2019 'ਚ ਇਸ ਦਾ ਉਤਪਾਦਨ ਬੰਦ ਕਰ ਦੇਵੇਗੀ। ਕੰਪਨੀ ਹੁਣ ਇਲੈਕਟ੍ਰਿਕ ਵਾਹਨਾਂ ਅਤੇ ਵੱਡੇ ਪਰਿਵਾਰਾਂ ਨੂੰ ਧਿਆਨ 'ਚ ਰੱਖ ਕੇ ਕਾਰਾਂ ਦਾ ਨਿਰਮਾਣ ਕਰ ਰਹੀ ਹੈ।

ਅਮਰੀਕਾ 'ਚ ਫਾਕਸਵੈਗਨ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਅਸੀਂ ਅਮਰੀਕੀ ਪਰਿਵਾਰਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਨਵੇਂ ਵਾਹਨ ਅਤੇ ਇਲੈਕਟ੍ਰਿਕ ਵਾਹਨ ਬਣਾਉਣ 'ਤੇ ਧਿਆਨ ਦੇ ਰਹੇ ਹਾਂ। ਕੰਪਨੀ ਨੇ ਕਿਹਾ ਕਿ ਉਸ ਦੀ ਯੋਜਨਾ ਹੁਣ ਬੀਟਲ ਦੇ ਦੋ ਅੰਤਿਮ ਸੰਸਕਰਣ ਪੇਸ਼ ਕਰਨ ਦੀ ਹੈ। ਇਸ ਦੀ ਕੀਮਤ 23,045 ਡਾਲਰ ਅਤੇ ਇਸ ਤੋਂ ਜ਼ਿਆਦਾ ਹੋ ਸਕਦੀ ਹੈ। 
ਬੀਟਲ ਕਾਰ ਹਿਟਲਰ ਦੇ ਸਮਰਥਨ ਨਾਲ ਵਿਕਸਤ ਕੀਤੀ ਗਈ ਸੀ। ਉੱਥੇ ਹੀ ਸਿਡਾਨ ਬੀਟਲ ਨੂੰ ਅਮਰੀਕਾ 'ਚ ਪਹਿਲੀ ਵਾਰ 1950 ਦੇ ਦਹਾਕੇ 'ਚ ਉਤਰਾਇਆ ਗਿਆ ਸੀ। ਨਾਜੀ ਜਰਮਨੀ ਨਾਲ ਜੁੜਾਅ ਕਾਰਨ ਉਦੋਂ ਇਸ ਦੀ ਵਿਕਰੀ ਕਾਫੀ ਘਟ ਰਹੀ ਸੀ। ਫਿਰ 1959 'ਚ ਕਾਰ ਨਵੇਂ ਰੂਪ 'ਚ ਪੇਸ਼ ਹੋਈ ਅਤੇ 1968 ਦੀ ਫਿਲਮ 'ਦਿ ਲਵ ਬਗ' ਤੋਂ ਇਸ ਨੂੰ ਕਾਫੀ ਪ੍ਰਸਿੱਧੀ ਮਿਲੀ। ਹਾਲਾਂਕਿ 1979 'ਚ ਅਮਰੀਕਾ 'ਚ ਬੀਟਲ ਦੀ ਵਿਕਰੀ ਬੰਦ ਕਰ ਦਿੱਤੀ ਗਈ ਸੀ ਪਰ ਮੈਕਸਿਕੋ ਅਤੇ ਬ੍ਰਾਜ਼ੀਲ 'ਚ ਇਸ ਦਾ ਉਤਪਾਦਨ ਜਾਰੀ ਰਿਹਾ। ਬਾਅਦ 'ਚ ਕੰਪਨੀ ਨੇ ਨਿਊ ਬੀਟਲ ਨੂੰ 1997 'ਚ ਅਮਰੀਕੀ ਬਾਜ਼ਾਰ 'ਚ ਪੇਸ਼ ਕੀਤਾ। 2017 ਦੌਰਾਨ ਅਮਰੀਕਾ 'ਚ ਬੀਟਲ ਦੀ ਵਿਕਰੀ 3.2 ਫੀਸਦੀ ਡਿੱਗ ਕੇ ਸਿਰਫ 15,667 ਰਹਿ ਗਈ।


Related News