VRS : BSNL ’ਚ ਅਧਿਕਾਰੀਆਂ ਦੀ ਹੋਈ ਕਮੀ, ਡੈਪੂਟੇਸ਼ਨ ’ਤੇ ਮੰਗੇ ਕਰਮਚਾਰੀ

12/04/2019 10:15:34 AM

ਨਵੀਂ ਦਿੱਲੀ — ਕਰਮਚਾਰੀਆਂ ਨੂੰ ਸਵੈ-ਇਛੁੱਕ ਸੇਵਾਮੁਕਤੀ (ਵੀ. ਆਰ. ਐੱਸ.) ਦੇ ਰਹੀ ਸਰਕਾਰੀ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੂੰ ਮਹੱਤਵਪੂਰਨ ਪ੍ਰਬੰਧਕੀ ਅਹੁਦਿਆਂ ਲਈ ਉੱਚ ਅਧਿਕਾਰੀਆਂ ਦੀ ਕਮੀ ਸਤਾਉਣ ਲੱਗੀ ਹੈ ਅਤੇ ਉਸ ਨੇ ਇਸ ਦੇ ਲਈ ਦੂਰਸੰਚਾਰ ਵਿਭਾਗ ਤੋਂ ਡੈਪੂਟੇਸ਼ਨ ’ਤੇ ਲੋੜੀਂਦੀ ਗਿਣਤੀ ’ਚ ਭਾਰਤੀ ਦੂਰਸੰਚਾਰ ਸੇਵਾ (ਆਈ. ਟੀ. ਐੱਸ.) ਦੇ ਅਧਿਕਾਰੀ ਮੰਗੇ ਹਨ ਪਰ ਡੈਪੂਟੇਸ਼ਨ ’ਤੇ ਆਏ ਸਾਰੇ ਆਈ. ਟੀ. ਐੱਸ. ਅਧਿਕਾਰੀ ਵਿਭਾਗ ’ਚ ਵਾਪਸ ਜਾਣਾ ਚਾਹੁੰਦੇ ਹਨ।

ਬੀ. ਐੱਸ. ਐੱਨ. ਐੱਲ. ਨੇ ਵਿਭਾਗ ਨੂੰ ਲਿਖਿਆ ਹੈ ਕਿ ਡੈਪੂਟੇਸ਼ਨ ’ਤੇ ਕੰਮ ਕਰ ਰਹੇ ਕੁਝ ਆਈ. ਟੀ. ਐੱਸ. ਅਧਿਕਾਰੀਆਂ ਨੂੰ ਵਾਪਸ ਲੈਣ ਜਾਂ ਉਨ੍ਹਾਂ ਦੀ ਹੋਰ ਥਾਂ ਡੈਪੂਟੇਸ਼ਨ ਕੀਤੇ ਜਾਣ ਨਾਲ ਕੰਪਨੀ ’ਚ ਇਕ ਤਰ੍ਹਾਂ ਦੀ ਅਨੁਸ਼ਾਸਨਹੀਨਤਾ ਵਿਕਸਿਤ ਹੋ ਰਹੀ ਹੈ ਪਰ ਆਈ. ਟੀ. ਐੱਸ. ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੰਪਨੀ ’ਚ ਆਏ ਉਨ੍ਹਾਂ ਦੇ ਕੇਡਰ ਦੇ ਅਧਿਕਾਰੀ ਤਨਖਾਹ ’ਚ ਦੇਰੀ ਅਤੇ ਭੇਦਭਾਵ ਕਾਰਣ ਕੰਪਨੀ ਤੋਂ ਵਿਭਾਗ ’ਚ ਵਾਪਸ ਪਰਤਣਾ ਚਾਹੁੰਦੇ ਹਨ।

32 ਆਈ. ਟੀ. ਐੱਸ. ਅਧਿਕਾਰੀ ਕਾਰਜਮੁਕਤ ਹੋਣ ਦੇ ਹੁਕਮ ਦੀ ਉਡੀਕ ’ਚ

ਉਨ੍ਹਾਂ ਕਿਹਾ ਹੈ ਕਿ ਇਸ ਸਮੇਂ 32 ਆਈ. ਟੀ. ਐੱਸ. ਅਧਿਕਾਰੀ ਬੀ. ਐੱਸ. ਐੱਨ. ਐੱਲ. ਤੋਂ ਕਾਰਜਮੁਕਤ ਹੋਣ ਦੇ ਹੁਕਮ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੂੰ ਵਿਭਾਗ ਨੇ ਜਾਂ ਤਾਂ ਵਾਪਸ ਲੈਣ ਜਾਂ ਕਿਤੇ ਹੋਰ ਭੇਜਣ ਦੇ ਹੁਕਮ ਜਾਰੀ ਕੀਤੇ ਹੋਏ ਹਨ। ਉਨ੍ਹਾਂ ਲਿਖਿਆ ਹੈ ਕਿ ਬੀ. ਐੱਸ. ਐੱਨ. ਐੱਲ. ਦੇ ਸਮਰੱਥ ਅਧਿਕਾਰੀ ਦੇ ਹੁਕਮਾਂ ਤੋਂ ਬਿਨਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਅਧਿਕਾਰੀਆਂ ਦੇ ਕੁੱਝ ਵਰਗਾਂ ’ਚ ਅਨੁਸ਼ਾਸਨਹੀਨਤਾ ਪੈਦਾ ਹੋ ਰਹੀ ਹੈ।

200 ਹੋਰ ਆਈ. ਟੀ. ਐੱਸ. ਅਧਿਕਾਰੀਆਂ ਦੀ ਮੰਗ

ਬੀ. ਐੱਸ. ਐੱਨ. ਐੱਲ. ਦੇ ਮਨੁੱਖੀ ਸਰੋਤ (ਐੱਚ. ਆਰ.) ਨਿਰਦੇਸ਼ਕ ਅਰਵਿੰਦ ਵਾਡਨੇਕਰ ਨੇ ਵੀ. ਆਰ. ਐੱਸ. ਯੋਜਨਾ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪੀ. ਕੇ. ਪੁਰਵਾਰ ਵੱਲੋਂ ਵਿਭਾਗ ਨੂੰ ਲਿਖਿਆ ਗਿਆ ਹੈ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ 200 ਹੋਰ ਆਈ. ਟੀ. ਐੱਸ. ਅਧਿਕਾਰੀ ਦਿੱਤੇ ਜਾਣ। ਬੀ. ਐੱਸ. ਐੱਨ. ਐੱਲ. ’ਚ ਡੈਪੂਟੇਸ਼ਨ ’ਤੇ ਆਏ ਅਜਿਹੇ 550 ਅਧਿਕਾਰੀ ਕੰਮ ਕਰ ਰਹੇ ਹਨ। ਵਾਡਨੇਕਰ ਨੇ ਲਿਖਿਆ ਹੈ ਕਿ ਕੰਪਨੀ ਇਸ ਸਮੇਂ ਸੰਕਟ ਦੀ ਸਥਿਤੀ ’ਚ ਹੈ। ਅਜਿਹੇ ’ਚ ਮਹੱਤਵਪੂਰਨ ਪ੍ਰਬੰਧਕੀ ਅਹੁਦਿਆਂ ’ਤੇ ਲੋਕਾਂ ਦਾ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਕਿ ਕੰਪਨੀ ਆਪਣੇ ਗਾਹਕਾਂ ਦੀਆਂ ਸੇਵਾਵਾਂ ਬਿਨਾਂ ਰੁਕਾਵਟ ਜਾਰੀ ਰੱਖ ਸਕੇ। ਕੰਪਨੀ ਦਾ ਹਿੱਤ ਇਸ ’ਚ ਹੈ।

68,751 ਕਰੋਡ਼ ਰੁਪਏ ਦੇ ਪੈਕੇਜ ਦਾ ਐਲਾਨ

ਸਰਕਾਰ ਨੇ ਘਾਟੇ ’ਚ ਚੱਲ ਰਹੀ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੇ ਮੁੜਗਠਨ ਅਤੇ ਮੁੜ ਸੁਰਜੀਤੀ ਲਈ ਅਕਤੂਬਰ ’ਚ 68,751 ਕਰੋਡ਼ ਰੁਪਏ ਦੀ ਪੈਕੇਜ ਯੋਜਨਾ ਦਾ ਐਲਾਨ ਕੀਤਾ ਸੀ। ਇਸ ’ਚ ਕਰਮਚਾਰੀਆਂ ਨੂੰ ਘਟਾਉਣ ਲਈ ਵੀ. ਆਰ. ਐੱਸ. ਯੋਜਨਾ, 4-ਜੀ ਰੇਡੀਓ ਸਪੈਕਟ੍ਰਮ ਦੀ ਵੰਡ ਅਤੇ ਦੋਵਾਂ ਦੇ ਰਲੇਵੇਂ ਦੀ ਯੋਜਨਾ ਹੈ। ਬੀ. ਐੱਸ. ਐੱਨ. ਐੱਲ.’ਚ ਇਸ ਸਮੇਂ 1.5 ਲੱਖ ਕਰਮਚਾਰੀ ਹਨ।


Related News