ਵੋਡਾਫੋਨ-ਆਈਡੀਆ ਆਪਣੀਆਂ 2 ਕੰਪਨੀਆਂ ਵੇਚ ਚੁਕਾਏਗੀ ਕਰਜ਼ਾ, 17,714 ਕਰੋਡ਼ ’ਚ ਹੋ ਸਕਦੀ ਹੈ ਡੀਲ

12/12/2019 10:03:29 AM

ਨਵੀਂ ਦਿੱਲੀ — ਅਾਰਥਿਕ ਸੰਕਟ ’ਚੋਂ ਲੰਘ ਰਹੀ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਕਰਜ਼ਾ ਚੁਕਾਉਣ ਲਈ ਆਪਣੀਆਂ 2 ਕੰਪਨੀਆਂ ਵੇਚਣ ਜਾ ਰਹੀ ਹੈ। ਕੰਪਨੀ ਦੀ ਆਪਟਿਕ ਫਾਈਬਰ ਨੈੱਟਵਰਕ ਅਤੇ ਡਾਟਾ ਸੈਂਟਰ ਬਰੁਕਫੀਲਡ ਏਸੈੱਟਸ ਮੈਨੇਜਮੈਂਟ ਤੇ ਏਡਵਿਲਸ ਨੂੰ ਵੇਚਣ ਦੀ ਯੋਜਨਾ ਹੈ। ਅਜਿਹੀ ਉਮੀਦ ਹੈ ਕਿ ਇਸ ਡੀਲ ਨਾਲ ਕੰਪਨੀ ਨੂੰ 2.5 ਬਿਲੀਅਨ ਡਾਲਰ (ਲਗਭਗ 17,714 ਕਰੋਡ਼ ਰੁਪਏ) ਮਿਲਣਗੇ। ਸੂਤਰਾਂ ਮੁਤਾਬਕ ਵੋਡਾਫੋਨ-ਆਈਡੀਆ 1,56,000 ਕਿਲੋਮੀਟਰ ਆਪਟਿਕ ਫਾਈਬਰ ਬਿਜ਼ਨੈੱਸ ਦੀ ਵਿਕਰੀ ਲਈ ਕੁਝ ਹੋਰ ਕੰਪਨੀਆਂ ਨਾਲ ਵੀ ਗੱਲਬਾਤ ਦੇ ਦੌਰ ’ਚ ਹੈ। ਕੰਪਨੀ ਦਾ ਫਾਈਬਰ ਨੈੱਟਵਰਕ ਬਿਜ਼ਨੈੱਸ 1.5 ਤੋਂ ਲੈ ਕੇ 2 ਬਿਲੀਅਨ ਡਾਲਰ ਅਤੇ ਡਾਟਾ ਸੈਂਟਰ ਦਾ ਕਾਰੋਬਾਰ 60 ਤੋਂ ਲੈ ਕੇ 100 ਮਿਲੀਅਨ ਡਾਲਰ ਦਰਮਿਆਨ ਹੈ।

ਕੰਪਨੀ ਨੂੰ ਅਗਲੇ 3 ਮਹੀਨਿਆਂ ’ਚ ਚੁਕਾਉਣੈ ਕਰਜ਼ਾ

ਦੂਰਸੰਚਾਰ ਵਿਭਾਗ ਨੇ ਐਡਜਸਟਿਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ਦੇ ਭੁਗਤਾਨ ਲਈ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ। ਅਜਿਹੇ ’ਚ ਵੋਡਾਫੋਨ-ਆਈਡੀਆ ਨੂੰ ਕੋਰਟ ਦੇ ਫੈਸਲੇ ਤਹਿਤ ਅਗਲੇ 3 ਮਹੀਨਿਆਂ ’ਚ 53,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਏ. ਜੀ. ਆਰ. ਦਾ ਭੁਗਤਾਨ ਕਰਨਾ ਹੈ।

ਵੋਡਾਫੋਨ-ਆਈਡੀਆ ’ਤੇ ਕਰਜ਼ਾ

ਭਾਰਤੀ ਸਟੇਟ ਬੈਂਕ ਨੇ ਵੋਡਾਫੋਨ-ਆਈਡੀਆ ਨੂੰ 11,200 ਕਰੋਡ਼ ਰੁਪਏ ਦਾ ਕਰਜ਼ਾ ਦੇ ਰੱਖਿਆ ਹੈ। ਉਥੇ ਹੀ ਇੰਡਸਇੰਡ ਬੈਂਕ ਨੇ 3000 ਕਰੋਡ਼ ਰੁਪਏ, ਆਈ. ਸੀ. ਆਈ. ਸੀ. ਆਈ. ਬੈਂਕ ਨੇ 1700 ਕਰੋਡ਼ ਅਤੇ ਐੱਚ. ਡੀ. ਐੱਫ. ਸੀ. ਬੈਂਕ ਨੇ 500 ਕਰੋਡ਼ ਰੁਪਏ ਕੰਪਨੀ ਨੂੰ ਦੇ ਰੱਖੇ ਹਨ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਬੜੌਦਾ ਨੇ ਕੰਪਨੀ ਨੂੰ ਕਰਜ਼ਾ ਦਿੱਤਾ ਹੋਇਆ ਹੈ। ਵੋਡਾਫੋਨ-ਆਈਡੀਆ ਦੀ 31 ਮਾਰਚ 2019 ਨੂੰ ਖਤਮ ਹੋਏ ਵਿੱਤੀ ਸਾਲ ’ਚ ਕੁਲ 17,100 ਕਰੋਡ਼ ਰੁਪਏ ਦੀ ਦੇਣਦਾਰੀ ਸੀ। ਕੰਪਨੀ ਨੇ ਦੇਣਦਾਰੀ ਚੁਕਾਉਣ ਲਈ ਉਦੋਂ 4300 ਕਰੋਡ਼ ਰੁਪਏ ਦਾ ਮਦ ਰੱਖਿਆ ਸੀ। ਕੰਪਨੀ ਦੀ ਕੁਲ ਦੇਣਦਾਰੀ 1.22 ਲੱਖ ਕਰੋਡ਼ ਰੁਪਏ ਸੀ, ਜਿਸ ’ਚੋਂ 90,700 ਕਰੋਡ਼ ਰੁਪਏ ਸਪੈਕਟ੍ਰਮ ਦੇਣਦਾਰੀ ਅਤੇ 31,000 ਕਰੋਡ਼ ਰੁਪਏ ਗੈਰ-ਸਪੈਕਟ੍ਰਮ ਦੇਣਦਾਰੀ ਹੈ।


Related News