Vodafone-Idea : CEO ਨੇ ਕਿਹਾ-ਬਿਨਾਂ ਸਰਕਾਰੀ ਰਾਹਤ ਦੇ ਕੰਮ ਕਰਨਾ ਹੋਵੇਗਾ ਮੁਸ਼ਕਿਲ

11/14/2019 5:39:08 AM

ਨਵੀਂ ਦਿੱਲੀ — ਮੋਬਾਇਲ ਸਰਵਿਸ ਪ੍ਰੋਵਾਈਡਰ ਕੰਪਨੀ ਵੋਡਾਫੋਨ ਭਾਰਤ ’ਚੋਂ ਆਪਣਾ ਕਾਰੋਬਾਰ ਸਮੇਟ ਸਕਦੀ ਹੈ। ਕੰਪਨੀ ਦੇ ਸੀ. ਈ. ਓ. ਨਿਕ ਰੀਡ ਨੇ ਕੰਪਨੀ ਦੀ ਖਸਤਾਹਾਲ ਦਾ ਹਵਾਲਾ ਦਿੰਦੇ ਹੋਏ ਇਹ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਸਰਕਾਰ ਦੇਣਦਾਰੀ ਚੁਕਾਉਣ ’ਚ ਰਿਆਇਤ ਨਹੀਂ ਦਿੰਦੀ ਹੈ ਤਾਂ ਕੰਪਨੀ ਕੋਲ ਕਾਰੋਬਾਰ ਸਮੇਟਣ ਤੋਂ ਇਲਾਵਾ ਕੋਈ ਬਦਲ ਨਹੀਂ ਰਹਿ ਜਾਵੇਗਾ। ਸੁਪਰੀਮ ਕੋਰਟ ਨੇ ਵੋਡਾਫੋਨ ਨੂੰ ਕਿਹਾ ਹੈ ਕਿ ਉਹ ਲਾਇਸੈਂਸ ਫੀਸ ਦਾ 4 ਅਰਬ ਡਾਲਰ ਬਕਾਇਆ ਸਰਕਾਰ ਨੂੰ ਚੁਕਾਏ। ਇਹ ਦੇਣਦਾਰੀ 10 ਸਾਲਾਂ ਤੋਂ ਵੀ ਜ਼ਿਆਦਾ ਪੁਰਾਣੀ ਹੈ।

ਸਾਲਾਂ ਤੋਂ ਨਹੀਂ ਦਿੱਤਾ ਬਕਾਇਆ

ਕੰਪਨੀ ਭੁਗਤਾਨ ਲਈ 2 ਸਾਲ ਦੇ ਸਮੇਂ ਦੇ ਨਾਲ-ਨਾਲ ਲਾਇਸੈਂਸ ਫੀਸ ਅਤੇ ਟੈਕਸ ’ਚ ਕਟੌਤੀ ਦੀ ਵੀ ਮੰਗ ਕਰ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਜੋ ਲਾਇਸੈਂਸ ਫੀਸ ਬਕਾਇਆ ਭੁਗਤਾਨ ਦਾ ਆਦੇਸ਼ ਦਿੱਤਾ ਹੈ, ਉਸ ਰਕਮ ’ਚੋਂ ਵਿਆਜ ਅਤੇ ਜੁਰਮਾਨੇ ਦੀ ਰਕਮ ਮੁਆਫ ਕਰ ਦਿੱਤੀ ਜਾਵੇ। ਇਸ ਮੰਗ ਦੇ ਨਾਲ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਸੁਪਰੀਮ ਕੋਰਟ ’ਚ ਰੀਵਿਊ ਪਟੀਸ਼ਨ ਵੀ ਦਾਖਲ ਕਰਨ ਵਾਲੀਆਂ ਹਨ।

ਕੰਪਨੀ ਪਹਿਲਾਂ ਤੋਂ 14 ਅਰਬ ਡਾਲਰ ਦੀ ਹੈ ਕਰਜ਼ਦਾਰ

ਵੋਡਾਫੋਨ-ਆਈਡੀਆ ਪਹਿਲਾਂ ਤੋਂ 14 ਅਰਬ ਡਾਲਰ ਦੇ ਕਰਜ਼ੇ ’ਚ ਹੈ ਅਤੇ ਕੰਪਨੀ ਨੇ ਭਾਰਤ ’ਚ ਹੋਰ ਪੈਸਾ ਨਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਜੂਨ 2018 ਤੋਂ ਨਵੰਬਰ 2019 ਤੱਕ ਭਾਰਤੀ ਕਾਰੋਬਾਰ ’ਚ ਵੋਡਾਫੋਨ ਦੀ ਹਿੱਸੇਦਾਰੀ ਦਾ ਮੁੱਲ ਜ਼ੀਰੋ ’ਤੇ ਪਹੁੰਚ ਗਿਆ ਹੈ। ਕੰਪਨੀ ਦੀ ਇਹ ਹਿੱਸੇਦਾਰੀ 45 ਫੀਸਦੀ ਹੈ। 1 ਜੂਨ, 2018 ਨੂੰ ਵੋਡਾਫੋਨ ਦੇ ਇੰਡੀਆ ’ਚ ਕਾਰੋਬਾਰ ਦੀ ਹਿੱਸੇਦਾਰੀ (ਜੋ 45 ਫੀਸਦੀ) ਦੀ ਵੈਲਿਊ ਕੰਪਨੀ ਦੀ ਬੈਲੇਂਸਸ਼ੀਟ ’ਚ 2.1 ਅਰਬ ਡਾਲਰ ਦੱਸੀ ਗਈ ਸੀ। ਸਤੰਬਰ, 2018 ’ਚ ਇਹ 1.8 ਹੋਈ, ਜੋ ਹੋਰ ਘਟਦੇ ਹੋਏ ਮਈ, 2019 ’ਚ 1.6 ਅਤੇ ਨਵੰਬਰ, 2019 ’ਚ ਜ਼ੀਰੋ ਅਰਬ ਡਾਲਰ ਦੱਸੀ ਗਈ ਹੈ। ਵੋਡਾਫੋਨ ਦਾ ਕਹਿਣਾ ਹੈ ਕਿ ਕੀਮਤਾਂ ’ਚ ਬਹੁਤ ਜ਼ਿਆਦਾ ਪ੍ਰਤੀਯੋਗਿਤਾ ਕਾਰਣ ਉਸ ਦਾ ਇਹ ਹਾਲ ਹੋਇਆ ਹੈ।

ਜਿਓ ਦੀ ਐਂਟਰੀ ਨਾਲ ਅੱਜ ਹੋਈ ਇਹ ਹਾਲਤ

ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਜਦੋਂ ਤੋਂ ਮੋਬਾਇਲ ਬਾਜ਼ਾਰ ’ਚ ਉੱਤਰੀ ਹੈ, ਸਭ ਕੰਪਨੀਆਂ ਦੀ ਹਾਲਤ ਖਰਾਬ ਹੋ ਗਈ ਹੈ। ਪ੍ਰਾਈਸ ਵਾਰ ’ਚ ਟਿਕੇ ਰਹਿਣ ਦੀ ਚੁਣੌਤੀ ਅੱਗੇ ਕੰਪਨੀਆਂ ਦੀ ਹਾਲਤ ਪਤਲੀ ਹੋ ਰਹੀ ਹੈ। ਅੰਬਾਨੀ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਉਹ ਮੋਬਾਇਲ ਕੰਪਨੀਆਂ ਨੂੰ ਰਿਆਇਤ ਦਿੱਤੇ ਜਾਣ ਦੀ ਮੰਗ ’ਤੇ ਧਿਆਨ ਨਾ ਦੇਵੇ। ਜਿਓ ਦੀ ਐਂਟਰੀ 2016 ’ਚ ਹੋਈ ਅਤੇ ਅੱਜ ਹਾਲਤ ਇਹ ਹੈ ਕਿ ਬਾਜ਼ਾਰ ’ਚ ਸਿਰਫ 3 ਵੱਡੀਆਂ ਕੰਪਨੀਆਂ ਰਹਿ ਗਈਆਂ ਹਨ। ਉਨ੍ਹਾਂ ਦੀ ਵੀ ਹਾਲਤ ਲਗਾਤਾਰ ਪਤਲੀ ਹੋ ਰਹੀ ਹੈ। ਭਾਰਤੀ ਏਅਰਟੈੱਲ ਵੀ 23 ਲੱਖ ਕਰੋਡ਼ ਦੇ ਕਰਜ਼ੇ ਹੇਠ ਦੱਬੀ ਹੈ। ਜਿਓ ਨੇ 3 ਸਾਲਾਂ ’ਚ ਹੀ 33 ਕਰੋਡ਼ ਤੋਂ ਜ਼ਿਆਦਾ ਗਾਹਕ ਬਣਾ ਕੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ। ਵੋਡਾਫੋਨ-ਆਈਡੀਆ ਦੇ ਇਕ ਸ਼ੇਅਰ ਦੀ ਕੀਮਤ 1 ਅਕਤੂਬਰ, 2018 ਨੂੰ 23.41 ਰੁਪਏ ਹੋਇਆ ਕਰਦੀ ਸੀ, ਜੋ ਅੱਜ ਇਹ 5.55 ਰੁਪਏ ’ਤੇ ਫਿਸਲ ਗਈ ਹੈ।

ਪੈਸੇ ਦੀ ਕਮੀ ਕਾਰਣ ਕੰਪਨੀ ਸੇਵਾ ਬਿਹਤਰ ਕਰਨ ਲਈ ਨਹੀਂ ਕਰ ਸਕੀ ਨਿਵੇਸ਼

ਕੰਪਨੀ ਨੇ ਜਿਓ ਨਾਲ ਮੁਕਾਬਲਾ ਕਰਨ ਦੇ ਮਕਸਦ ਨਾਲ 2018 ’ਚ ਆਈਡੀਆ ਦਾ ਅਕਵਾਇਰ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਦੇ ਗਾਹਕ ਵਧਣ ਦੀ ਬਜਾਏ ਘਟਦੇ ਹੀ ਗਏ। ਇਕੱਲੇ ਅਪ੍ਰੈਲ ਤੋਂ ਜੂਨ ਦੌਰਾਨ ਕਰੀਬ ਡੇਢ ਕਰੋਡ਼ ਗਾਹਕਾਂ ਨੇ ਵੋਡਾਫੋਨ ਆਈਡੀਆ ਨੂੰ ਅਲਵਿਦਾ ਕਹਿ ਦਿੱਤਾ। ਪੈਸੇ ਦੀ ਕਮੀ ਕਾਰਣ ਕੰਪਨੀ ਸੇਵਾ ਬਿਹਤਰ ਕਰਨ ਲਈ ਨਿਵੇਸ਼ ਨਹੀਂ ਕਰ ਸਕੀ ਅਤੇ ਆਪ੍ਰੇਸ਼ਨਜ਼ ਦਾ ਖਰਚਾ ਵਧਦਾ ਹੀ ਗਿਆ। ਲਿਹਾਜ਼ਾ ਕੰਪਨੀ ਦੀ ਹਾਲਤ ਵਿਗੜਦੀ ਗਈ।


Related News