ਵੀਵੋ ਸਮੂਹ ਦੀ ਕੰਪਨੀ ਮਈ ''ਚ 50 ਫੀਸਦੀ ਤਨਖਾਹ ''ਚ ਕਰੇਗੀ ਕਟੌਤੀ

05/15/2020 11:13:19 PM

ਨਵੀਂ ਦਿੱਲੀ-ਲਗਭਗ 2 ਮਹੀਨਿਆਂ ਦੇ ਵਿਸਤਾਰਤ ਲਾਕਡਾਊਨ ਅਤੇ ਜ਼ੀਰੋ ਵਿਕਰੀ ਨੇ ਮਾਤਰ ਵਿਕਰੀ ਦੇ ਲਿਹਾਜ਼ ਨਾਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਵੀਵੋ ਦੀ ਵਿੱਤੀ ਹਾਲਤ ਨੂੰ ਪ੍ਰਭਾਵਿਤ ਕੀਤਾ ਹੈ। ਫਿਲਹਾਲ ਕੰਪਨੀ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਸੰਘਰਸ਼ ਕਰ ਰਹੀ ਹੈ। ਕੰਪਨੀ ਕਰਮਚਾਰੀਆਂ ਦੀ ਤਨਖਾਹ 'ਚ 50 ਫੀਸਦੀ ਕਟੌਤੀ ਕਰੇਗੀ।

ਉਦਾਹਰਣ ਲਈ ਪੱਛਮੀ ਭਾਰਤ 'ਚ ਸੰਚਾਲਨ ਕਰਨ ਵਾਲੀ ਵੀਵੋ ਸਮੂਹ ਦੀ ਕੰਪਨੀ ਜਾਈਨਮੇ ਇਲੈਕਟ੍ਰਾਨਿਕਸ ਨੇ ਇਕ ਪੱਤਰ ਜ਼ਰੀਏ ਆਪਣੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਹੈ ਕਿ ਲਾਕਡਾਊਨ ਦੀ ਮਿਆਦ 'ਚ ਵਿਸਤਾਰ ਕੀਤੇ ਜਾਣ ਨਾਲ ਤਨਖਾਹ ਭੁਗਤਾਨ ਕਰਨ ਦੀ ਉਸ ਦੀ ਸਮਰਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕੰਪਨੀ ਦੇ ਨਿਰਦੇਸ਼ਕ ਡਿੰਗ ਝਿਜੀ ਨੇ ਕਿਹਾ ਕਿ ਇਸ ਹਾਲਾਤ 'ਚ ਕੰਪਨੀ ਮਈ 2020 ਤੋਂ ਆਪਣੇ ਸਾਰੇ ਕਰਮਚਾਰੀਆਂ ਲਈ ਤਨਖਾਹ ਕਟੌਤੀ ਲਾਗੂ ਕਰਨ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮਈ 2020 ਲਈ ਕਰਮਚਾਰੀਆਂ ਦੀ ਕੁਲ ਤਨਖਾਹ 'ਚ 50 ਫੀਸਦੀ ਦੀ ਕਟੌਤੀ ਕਰਨ ਦਾ ਫੈਸਲਾ ਲਿਆ ਗਿਆ ਹੈ।

ਝਿਜੀ ਨੇ ਪੱਤਰ ਰਾਹੀਂ ਕਰਮਚਾਰੀਆਂ ਨੂੰ ਕਿਹਾ ਕਿ ਮਈ 'ਚ ਲਾਕਡਾਊਨ ਨੂੰ ਜਾਰੀ ਰੱਕਣ ਦਾ ਐਲਾਨ ਅਤੇ ਅਗੇ ਉਸ 'ਚ ਵਿਸਤਾਰ ਦੀ ਸੰਭਾਵਨਾ ਦਿਖ ਰਹੀ ਹੈ। ਇਸ ਦਾ ਮਤਲਬ ਸਾਫ ਹੈ ਕਿ ਮਈ 'ਚ ਵੀ ਕੋਈ ਵਿਕਰੀ ਨਹੀਂ ਹੋਵੇਗੀ। ਇਸ ਮੁਸ਼ਕਲ ਹਾਲਾਤ 'ਚ ਕੰਪਨੀ ਨੂੰ ਬਚਾਅ ਦੀ ਜ਼ਰੂਰਤ ਹੈ ਕਿਉਂਕਿ ਜਦ ਕੰਪਨੀ ਬਚੇਗੀ ਤਾਂ ਹੀ ਸਾਡੀਆਂ ਨੌਕਰੀਆਂ ਵੀ ਬਚਣਗੀਆਂ।
ਹਾਲਾਂਕਿ ਕੰਪਨੀ ਨੇ ਮਾਰਚ ਅਤੇ ਅਪ੍ਰੈਲ 'ਚ ਵਿਕਰੀ ਅਤੇ ਭੰਡਾਰਨ ਲਗਭਗ ਨਾ ਦੇ ਬਰਾਬਰ ਰਹਿਣ ਦੇ ਬਾਵਜੂਦ ਚੁਣੌਤੀਆਂ ਨਾਲ ਨਜਿੱਠਣ 'ਚ ਕਾਮਯਾਬ ਰਹੀ ਅਤੇ ਕਰਮਚਾਰੀਆਂ ਨੂੰ 100 ਫੀਸਦੀ ਤਨਖਾਹ ਦਾ ਭੁਗਤਾਨ ਕੀਤਾ ਗਿਆ। ਉਨ੍ਹਾਂ ਕਿਹਾ, ''ਸਾਡੇ 'ਚੋਂ ਹਰੇਕ ਦੀ ਕੁਰਬਾਨੀ ਦੇ ਬਿਨਾਂ ਇਸ ਸੰਕਟ ਤੋਂ ਬੱਚ ਪਾਉਣਾ ਸਾਡੀ ਕੰਪਨੀ ਲਈ ਅਸੰਭਵ ਹੈ।''

ਵੀਵੋ ਸਮੂਹ ਦੀ ਕੰਪਨੀ ਜਾਈਨਮੇ ਨੇ 2018-19 'ਚ 2,609 ਕਰੋੜ ਰੁਪਏ ਦੀ ਵਿਕਰੀ ਦਰਜ ਕੀਤੀ ਸੀ, ਜਦੋਂਕਿ ਉਸ ਦੀ ਸ਼ੁੱਧ ਕਮਾਈ 47 ਕਰੋੜ ਰੁਪਏ ਰਹੀ ਸੀ। ਮੌਜੂਦਾ ਹਾਲਾਤ ਦੇ ਉਲਟ ਇਕ ਚੰਗੇ ਕਾਰੋਬਾਰੀ ਮਾਹੌਲ ਨੇ ਕੰਪਨੀ ਨੂੰ ਵਿਕਰੀ 'ਚ ਸਾਲਾਨਾ ਆਧਾਰ 'ਤੇ 49 ਫੀਸਦੀ ਦਾ ਵਾਧਾ ਦਰਜ ਕਰਨ 'ਚ ਮਦਦ ਕੀਤੀ। ਕੰਪਨੀ ਰਜਿਸਟਰਾਰ ਨੂੰ ਦਿੱਤੀ ਗਈ ਜਾਣਕਾਰੀ ਤੋਂ ਇਸ ਦਾ ਪਤਾ ਚੱਲਦਾ ਹੈ। ਵੀਵੋ ਇੰਡੀਆ ਦੇ 17,000 ਕਰੋੜ ਰੁਪਏ ਦੇ ਮਾਲੀਆ 'ਚ ਇਸ ਦਾ ਯੋਗਦਾਨ ਕਰੀਬ 16 ਫੀਸਦੀ ਹੈ।

ਸਮਾਰਟਫੋਨ ਬਾਜ਼ਾਰ ਨੂੰ ਕਰੀਬ 5,000 ਕਰੋੜ ਦਾ ਨੁਕਸਾਨ
ਉਦਯੋਗ ਤੋਂ ਪ੍ਰਾਪਤ ਜੀ. ਐੱਫ. ਕੇ. ਦੇ ਅੰਕੜਿਆਂ ਅਨੁਸਾਰ ਮਾਰਚ 'ਚ ਸਮਾਰਟਫੋਨ ਬਾਜ਼ਾਰ ਨੂੰ ਕਰੀਬ 5,000 ਕਰੋੜ ਰੁਪਏ ਦਾ ਵਿਕਰੀ ਨੁਕਸਾਨ ਹੋਇਆ, ਜਦੋਂਕਿ ਅਪ੍ਰੈਲ 'ਚ ਉਹ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ। ਇਕ ਸਾਲ ਪਹਿਲਾਂ ਅਪ੍ਰੈਲ 'ਚ 10,700 ਕਰੋੜ ਰੁਪਏ ਦੀ ਵਿਕਰੀ ਹੋਈ ਸੀ। ਘੱਟ ਤੋਂ ਘੱਟ 17 ਮਈ ਤਕ ਜਾਰੀ ਲਾਕਡਾਊਨ ਕਾਰਣ ਕਰੀਬ 7,000 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਾਇਆ ਗਿਆ ਹੈ। ਵਿਸ਼ਲੇਸ਼ਕਾਂ ਨੇ ਸੁਝਾਅ ਦਿੱਤਾ ਹੈ ਕਿ ਵੀਵੋ ਵਰਗੀ ਕਿਸੇ ਵੀ ਪ੍ਰਮੁੱਖ ਕੰਪਨੀ ਲਈ ਵਪਾਰ ਦਾ ਨੁਕਸਾਨ ਉਸ ਦੀ ਸਬੰਧਤ ਬਾਜ਼ਾਰ ਹਿੱਸੇਦਾਰੀ ਦੇ ਬਰਾਬਰ ਹੋਵੇਗਾ।


Karan Kumar

Content Editor

Related News