ਵਿਸਤਾਰਾ ਵੀ 5 ਨਵੰਬਰ ਤੋਂ ਬੰਗਲਾਦੇਸ਼ ਲਈ ਸ਼ੁਰੂ ਕਰੇਗੀ ਉਡਾਣਾਂ

Tuesday, Oct 27, 2020 - 11:12 PM (IST)

ਵਿਸਤਾਰਾ ਵੀ 5 ਨਵੰਬਰ ਤੋਂ ਬੰਗਲਾਦੇਸ਼ ਲਈ ਸ਼ੁਰੂ ਕਰੇਗੀ ਉਡਾਣਾਂ

ਨਵੀਂ ਦਿੱਲੀ—  ਵਿਸਤਾਰਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬੰਗਲਾਦੇਸ਼ ਲਈ 5 ਨਵੰਬਰ ਤੋਂ ਉਡਾਣ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਬੰਗਲਾਦੇਸ਼ ਅਤੇ ਭਾਰਤ ਵਿਚਕਾਰ ਹੋਏ ਵਿਸ਼ੇਸ਼ ਉਡਾਣ ਸਮਝੌਤੇ (ਏਅਰ ਬੱਬਲ) ਤਹਿਤ ਇਹ ਸੇਵਾ ਸ਼ੁਰੂ ਹੋਵੇਗੀ। ਇਸ ਤੋਂ ਇਕ ਦਿਨ ਪਹਿਲਾਂ ਹੀ ਸਪਾਈਸ ਜੈੱਟ ਨੇ ਵੀ ਬੰਗਲਾਦੇਸ਼ ਲਈ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

ਵਿਸਤਾਰਾ 5 ਨਵੰਬਰ ਤੋਂ ਦਿੱਲੀ ਅਤੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚਕਾਰ ਉਡਾਣਾਂ ਚਲਾਏਗੀ। ਕੰਪਨੀ ਵੱਲੋਂ ਵੀਰਵਾਰ ਅਤੇ ਐਤਵਾਰ ਨੂੰ ਸੇਵਾਵਾਂ ਦਾ ਸੰਚਾਲਨ ਕੀਤਾ ਜਾਵੇਗਾ।

ਵਿਸਤਾਰਾ ਦੇ ਮੁੱਖ ਕਾਰਜਕਾਰੀ ਲੇਸਲੀ ਥੰਗ ਨੇ ਕਿਹਾ, ''ਸਾਨੂੰ ਆਪਣੇ ਕੌਮਾਂਤਰੀ ਨੈੱਟਵਰਕ ਦਾ ਲਗਾਤਾਰ ਵਿਸਥਾਰ ਕਰਨ ਅਤੇ ਮੌਜੂਦਾ ਚੁਣੌਤੀਪੂਰਨ ਸਮੇਂ ਦੇ ਬਾਵਜੂਦ ਕੌਮਾਂਤਰੀ ਮੌਜੂਦਗੀ ਨੂੰ ਵਧਾਉਣ 'ਚ ਖ਼ੁਸ਼ੀ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਵਿਚਕਾਰ ਹਵਾਈ ਯਾਤਰਾ ਦੀ ਮਹੱਤਵਪੂਰਨ ਮੰਗ ਹੈ ਅਤੇ ਉਡਾਣਾਂ ਦੇ ਫਿਰ ਤੋਂ ਸ਼ੁਰੂ ਹੋਣ ਨਾਲ ਦੋਹਾਂ ਦੇਸ਼ਾਂ ਦੇ ਵਪਾਰੀਆਂ, ਵਪਾਰਕ ਭਾਈਚਾਰੇ ਅਤੇ ਹੋਰ ਰੈਗੂਲਰ ਯਾਤਰੀਆਂ ਨੂੰ ਸੁਵਿਧਾ ਹੋਵੇਗੀ। ਗੌਰਤਲਬ ਹੈ ਕਿ ਨਿੱਜੀ ਖੇਤਰ ਦੀ ਹਵਾਬਾਜ਼ੀ ਕੰਪਨੀ ਸਪਾਈਸ ਜੈੱਟ ਪੰਜ ਨਵੰਬਰ ਤੋਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ 8 ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਸਪਾਈਸ ਜੈੱਟ ਇਨ੍ਹਾਂ ਦੀ ਸ਼ੁਰੂਆਤ ਦੋਹਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਦੋ-ਪੱਖੀ ਉਡਾਣ ਸਮਝੌਤੇ (ਏਅਰ ਬੱਬਲ) ਤਹਿਤ ਕਰੇਗੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਹਫ਼ਤੇ ਵਿਚ ਚਾਰ ਦਿਨ ਕੋਲਕਾਤਾ ਤੋਂ ਚਟਗਾਓਂ ਵਿਚਕਾਰ ਸਿੱਧੀ ਉਡਾਣ ਸੇਵਾ ਦਾ ਸੰਚਾਲਨ ਕਰੇਗੀ। ਚਟਗਾਓਂ ਸਪਾਈਸ ਜੈੱਟ ਦੇ ਸੇਵਾ ਨੈੱਟਵਰਕ ਵਿਚ 11ਵਾਂ ਕੌਮਾਂਤਰੀ ਸਥਾਨ ਹੋਵੇਗਾ।


author

Sanjeev

Content Editor

Related News