UAE ਦੇ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ,ਵਿਸਤਾਰਾ ਵੱਲੋਂ ਸ਼ਾਰਜਾਹ ਲਈ ਉਡਾਣਾਂ ਸ਼ੁਰੂ

Wednesday, Jan 20, 2021 - 02:17 PM (IST)

UAE ਦੇ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ,ਵਿਸਤਾਰਾ ਵੱਲੋਂ ਸ਼ਾਰਜਾਹ ਲਈ ਉਡਾਣਾਂ ਸ਼ੁਰੂ

ਨਵੀਂ ਦਿੱਲੀ- ਵਿਸਤਾਰਾ ਨੇ ਏਅਰ ਬੱਬਲ ਸਮਝੌਤੇ ਤਹਿਤ ਯੂ. ਏ. ਈ. ਦੇ ਸ਼ਾਰਜਾਹ ਲਈ ਆਪਣੀ ਰੋਜ਼ਾਨਾ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵਿਸਤਾਰਾ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਦੁਬਾਈ ਲਈ ਦਿੱਲੀ ਤੋਂ ਹਫ਼ਤੇ ਵਿਚ ਚਾਰ ਵਾਰ ਉਡਾਣਾਂ ਚਲਾ ਰਹੀ ਸੀ।

ਵਿਸਤਾਰਾ ਏਅਰਲਾਈਨ ਨੇ ਕਿਹਾ ਕਿ ਯੂ. ਏ. ਈ. ਵਿਚ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ ਨਾਲ ਅਸੀਂ ਬਹੁਤ ਉਤਸ਼ਾਹਤ ਹਾਂ। ਸ਼ਾਰਜਾਹ ਵੀ ਹੁਣ ਸਾਡਾ ਸ਼ਹਿਰ ਹੈ।

ਵਿਸਤਾਰਾ ਨੇ ਵੈੱਬਸਾਈਟ 'ਤੇ ਕਿਹਾ ਕਿ ਇਨ੍ਹਾਂ ਉਡਾਣਾਂ ਲਈ ਬੁਕਿੰਗ ਹੁਣ ਸਾਡੀ ਵੈੱਬਸਾਈਟ, ਵਿਸਤਾਰਾ ਦੀ ਆਈ. ਓ. ਐੱਸ. ਅਤੇ ਐਂਡਰਾਇਡ ਮੋਬਾਈਲ ਐਪਸ, ਆਨਲਾਈਨ ਟਰੈਵਲ ਏਜੰਸੀਆਂ (ਓ. ਟੀ. ਏ.) ਅਤੇ ਟਰੈਵਲ ਏਜੰਟਾਂ ਸਮੇਤ ਸਾਰੇ ਚੈਨਲਾਂ 'ਤੇ ਕੀਤੀ ਜਾ ਸਕਦੀ ਹੈ।
ਏਅਰਲਾਈਨ ਨੇ ਕਿਹਾ ਕਿ ਦਿੱਲੀ-ਸ਼ਾਰਜਾਹ ਵਿਚਕਾਰ ਉਡਾਣਾਂ ਲਈ ਉਸ ਨੇ A320 ਨਿਓ ਜਹਾਜ਼ ਤਾਇਨਾਤ ਕੀਤਾ ਹੈ। ਦਿੱਲੀ-ਸ਼ਾਰਜਾਹ-ਦਿੱਲੀ ਲਈ ਰਾਊਂਡ-ਟ੍ਰਿਪ ਦਾ ਕਿਰਾਇਆ 15,999 ਰੁਪਏ ਤੋਂ ਸ਼ੁਰੂ ਹੈ ਅਤੇ ਸ਼ਾਰਜਾਹ-ਦਿੱਲੀ-ਸ਼ਾਰਜਾਹ ਲਈ ਰਾਊਂਡ-ਟ੍ਰਿਪ ਦਾ ਕਿਰਾਇਆ 799 ਏ. ਈ. ਡੀ, ਤੋਂ ਸ਼ੁਰੂ ਹੈ। ਵਿਸਤਾਰਾ 18 ਫਰਵਰੀ 2021 ਤੋਂ ਦਿੱਲੀ ਅਤੇ ਫਰੈਂਕਫਰਟ ਦਰਮਿਆਨ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ। ਇਹ ਉਡਾਣਾਂ ਹਫਤੇ ਵਿਚ ਦੋ ਵਾਰ ਚਲਾਈਆਂ ਜਾਣਗੀਆਂ।


author

Sanjeev

Content Editor

Related News