ਵਿਸਤਾਰਾ ਨੇ ਦਿੱਲੀ ਤੋਂ ਪੈਰਿਸ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ
Tuesday, Nov 09, 2021 - 12:09 PM (IST)

ਮੁੰਬਈ– ਹਵਾਬਾਜ਼ੀ ਕੰਪਨੀ ਵਿਸਤਾਰਾ ਨੇ ਭਾਰਤ ਅਤੇ ਯੂਰਪ ਵਿਚਾਲੇ ਏਅਰ ਬਬਲ ਸਮਝੌਤੇ ਤਹਿਤ ਦਿੱਲੀ ਤੋਂ ਪੈਰਿਸ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ ਹੈ। ਵਿਸਤਾਰਾ ਨੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਉਸ ਨੇ ਐਤਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਪੈਰਿਸ ਦੇ ਚਾਰਲਸ ਡੀ ਗਾਲ ਹਵਾਈ ਅੱਡੇ ਲਈ ਆਪਣੀ ਪਹਿਲੀ ਸਿੱਧੀ ਉਡਾਣ ਦਾ ਸੰਚਾਲਨ ਕੀਤਾ। ਸਮਝੌਤੇ ਤਹਿਤ ਵਿਸਤਾਰਾ ਦੋਹਾਂ ਸ਼ਹਿਰਾਂ ਵਿਚਾਲੇ ਹਫਤੇ ’ਚ ਦੋ ਵਾਰ-ਬੁੱਧਵਾਰ ਅਤੇ ਐਤਵਾਰ ਨੂੰ ਬੋਇੰਗ 787-9 (ਡ੍ਰੀਮਲਾਈਨਰ) ਜਹਾਜ਼ ਨਾਲ ਉਡਾਣ ਭਰੇਗੀ।
ਟਾਟਾ ਸੰਨਜ਼ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਸਾਂਝੇ ਉੱਦਮ ਵਿਸਤਾਰ ਲਈ ਪੈਰਿਸ ਸੱਤਵੀਂ ਵਿਦੇਸ਼ੀ ਮੰਜ਼ਿਲ ਹੈ, ਜਿੱਥੇ ਕੰਪਨੀ ਏਅਰ ਬਬਲ ਸਮਝੌਤੇ ਤਹਿਤ ਆਪਣੀਆਂ ਉਡਾਣ ਸੇਵਾਵਾਂ ਸੰਚਾਲਿਤ ਕਰ ਰਹੀ ਹੈ। ਕੋਵਿਡ-19 ਮਹਾਮਾਰੀ ਤੋਂ ਬਚਾਅ ਲਈ ਏਅਰ ਬਬਲ ਸਮਝੌਤੇ ਤਹਿਤ ਦੋ ਦੇਸ਼ ਆਪਸ ’ਚ ਕੁੱਝ ਪਾਬੰਦੀਆਂ ਅਤੇ ਸਖ਼ਤ ਨਿਯਮਾਂ ਦੇ ਤਹਿਤ ਕੌਮਾਂਤਰੀ ਉਡਾਣਾਂ ਦੇ ਸੰਚਾਲਨ ਦੀ ਇਜਾਜ਼ਤ ਦਿੰਦੇ ਹਨ।