ਜਹਾਜ਼ ਕੰਪਨੀ ਵਿਸਤਾਰਾ ਵੱਲੋਂ ਬੁੱਧਵਾਰ ਤੋਂ ਮੁੰਬਈ-ਮਾਲੇ ਵਿਚਕਾਰ ਉਡਾਣਾਂ ਸ਼ੁਰੂ
Wednesday, Mar 03, 2021 - 04:40 PM (IST)
ਨਵੀਂ ਦਿੱਲੀ- ਜਹਾਜ਼ ਕੰਪਨੀ ਵਿਸਤਾਰਾ ਨੇ ਬੁੱਧਵਾਰ ਨੂੰ ਮੁੰਬਈ-ਮਾਲੇ ਮਾਰਗ 'ਤੇ ਆਪਣੀ ਪਹਿਲੀ ਉਡਾਣ ਭਰੀ। ਕੰਪਨੀ ਨੇ ਇਕ ਬਿਆਨ ਵਿਚ ਇਸ ਦੀ ਜਾਣਕਾਰੀ ਦਿੱਤੀ।
ਕੰਪਨੀ ਨੇ ਕਿਹਾ ਕਿ ਇਹ ਉਡਾਣ ਮੁੰਬਈ ਹਵਾਈ ਅੱਡੇ ਤੋਂ 10.10 ਵਜੇ ਰਵਾਨਾ ਹੋਈ। ਬਿਆਨ ਵਿਚ ਕਿਹਾ ਗਿਆ, ''ਮਾਲਦੀਵ ਗਣਰਾਜ ਨਾਲ ਭਾਰਤ ਦੇ ਏਅਰ ਬੱਬਲ ਸਮਝੌਤੇ ਤਹਿਤ ਏਅਰਲਾਈਨ ਹਫ਼ਤੇ ਵਿਚ ਤਿੰਨ ਵਾਰ ਉਡਾਣਾਂ ਚਲਾਏਗੀ।'' ਇਸ ਤੋਂ ਪਹਿਲਾਂ ਹਾਲ ਹੀ ਵਿਚ ਵਿਸਤਾਰਾ ਏਅਰਲਾਈਨ ਨੇ ਜਰਮਨੀ ਦੇ ਫ੍ਰੈਂਕਫਰਟ ਅਤੇ ਦਿੱਲੀ ਵਿਚਕਾਰ ਉਡਾਣਾਂ ਦੀ ਸ਼ੁਰੂਆਤ ਕੀਤੀ ਸੀ।
ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ 23 ਮਾਰਚ ਤੋਂ ਸ਼ਡਿਊਲਡ ਕੌਮਾਂਤਰੀ ਉਡਾਣਾਂ ਬੰਦ ਹਨ। ਹਾਲਾਂਕਿ, 24 ਤੋਂ ਵੱਧ ਦੇਸ਼ਾਂ ਨਾਲ ਏਅਰ ਬੱਬਲ ਕਰਾਰ ਵਿਵਸਥਾ ਤਹਿਤ ਪਿਛਲੇ ਸਾਲ ਜੁਲਾਈ ਤੋਂ ਵਿਸ਼ੇਸ਼ ਕੌਮਾਂਤਰੀ ਉਡਾਣਾਂ ਚੱਲ ਰਹੀਆਂ ਹਨ। ਭਾਰਤ ਹੁਣ ਤੱਕ ਅਮਰੀਕਾ, ਸੰਯਕੁਤ ਅਰਬ ਅਮੀਰਾਤ (ਯੂ. ਏ. ਈ.), ਬਹਿਰੀਨ, ਕੈਨੇਡਾ, ਫਰਾਂਸ, ਕੀਨੀਆ, ਭੂਟਾਨ, ਇਰਾਕ, ਕੁਵੈਤ, ਨੇਪਾਲ, ਨੀਦਰਲੈਂਡ, ਮਾਲਦੀਵ, ਯੂ. ਕੇ., ਕਤਰ, ਰਵਾਂਡਾ, ਤਨਜਾਨੀਆ, ਯੂਕਰੇਨ, ਇਥੋਪੀਆ, ਬੰਗਲਾਦੇਸ਼, ਅਫਗਾਨਿਸਤਾਨ, ਜਾਪਾਨ, ਜਰਮਨੀ ਨਾਲ ਵਿਸ਼ੇਸ਼ ਹਵਾਈ ਉਡਾਣਾਂ ਲਈ ਦੋ-ਪੱਖੀ ਕਰਾਰ ਕਰ ਚੁੱਕਾ ਹੈ।