ਉੱਦਮ ਪੂੰਜੀ ਫੰਡ ਛੋਟੇ ਸ਼ਹਿਰਾਂ ਦੇ ਸਟਾਰਟਅਪ ’ਤੇ ਧਿਆਨ ਦੇਣ : ਗੋਇਲ
Saturday, Jan 15, 2022 - 02:58 PM (IST)
ਨਵੀਂ ਦਿੱਲੀ (ਭਾਸ਼ਾ) – ਉਦਯੋਗ ਅਤੇ ਵਪਾਰ ਮੰਤਰੀ ਪੀਯੂਸ਼ ਗੋਇਲ ਨੇ ਕੌਮਾਂਤਰੀ ਉੱਦਮ ਪੂੰਜੀ ਫੰਡ ਨੂੰ ਦੂਜੇ ਅਤੇ ਤੀਜੇ ਦਰਜੇ ਦੇ ਸ਼ਹਿਰਾਂ ਦੇ ਸਟਾਰਟਅਪ ’ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਨਿਵੇਸ਼ ਲਈ ਨਵੇਂ ਖੇਤਰਾਂ ’ਤੇ ਗੌਰ ਕਰਨੀ ਚਾਹੀਦੀ ਹੈ। ਕੌਮਾਂਤਰੀ ਉੱਦਮ ਪੂੰਜੀ (ਵੀ. ਸੀ.) ਫੰਡਾਂ ਨਾਲ ਇਕ ਗੋਲਮੇਜ਼ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਗੋਇਲ ਨੇ ਕਿਹਾ ਕਿ ਸਰਕਾਰ ਨੇ ਸਟਾਰਟਅਪ ਨੂੰ ਸਮਰਥਨ ਦੇਣ ਲਈ ਪਹਿਲਾਂ ਹੀ ਕਈ ਕਦਮ ਚੁੱਕੇ ਹਨ ਅਤੇ ਭਵਿੱਖ ’ਚ ਵੀ ਉਹ ਅਜਿਹਾ ਕਰਦੀ ਰਹੇਗੀ।
ਗੋਇਲ ਨੇ ਉੱਦਮ ਪੂੰਜੀ ਫੰਡਾਂ ’ਚੋਂ ਨਿਵੇਸ਼, ਪ੍ਰੋਤਸਾਹਨ ਅਤੇ ਸੁਰੱਖਿਆ ਲਈ ਨਵੇਂ ਖੇਤਰ ਦੀ ਭਾਲ ਕਰਨ ਲਈ ਸੱਦਾ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਯੁਵਾ ਭਾਰਤੀ ਉੱਦਮੀਆਂ ਦੇ ਬਣਾਏ ਬੌਧਿਕ ਸੰਪਤੀ ਉਤਪਾਦਾਂ ਦੀ ਸੁਰੱਖਿਆ ਹੋ ਸਕੇਗੀ। ਇਸ ਨਾਲ ਪੂੰਜੀ ਪ੍ਰਵਾਹ ਦੀਆਂ ਸੰਭਾਵਨਾਵਾਂ ਵੀ ਮਜ਼ਬੂਤ ਹੋ ਸਕਣਗੀਆਂ।