ਵੇਦਾਂਤਾ ਗਰੁੱਪ ਨੂੰ ਫਿਰ ਮਿਲ ਸਕਦੀ ਹੈ ਜਾਂਬੀਆ ’ਚ ਕਾਪਰ ਦੀ ਖਾਨ
Sunday, Jun 30, 2024 - 04:30 PM (IST)
ਨਵੀਂ ਦਿੱਲੀ (ਇੰਟ.) - ਅਰਬਪਤੀ ਕਾਰੋਬਾਰੀ ਅਨਿਲ ਅਗਰਵਾਲ ਦੀ ਅਗਵਾਈ ਵਾਲੇ ਵੇਦਾਂਤਾ ਗਰੁੱਪ ਲਈ ਅਫਰੀਕਾ ਤੋਂ ਗੁੱਡ ਨਿਊਜ਼ ਆਈ ਹੈ। ਜਾਂਬੀਆ ਦੀ ਇਕ ਅਦਾਲਤ ਨੇ ਇਕ ਕਾਪਰ ਖਾਨ ਦੇ ਲੈਣਦਾਰਾਂ ਨੂੰ ਬਕਾਇਆ ਚੁਕਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਵੇਦਾਂਤਾ ਰਿਸੋਰਸਿਜ਼ ਲਿਮਟਿਡ ਕੋਂਕੋਲਾ ਕਾਪਰ ਪ੍ਰਾਜੈਕਟ ਦਾ ਕੰਟਰੋਲ ਫਿਰ ਤੋਂ ਹਾਸਲ ਕਰ ਸਕਦੀ ਹੈ।
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਜਾਂਬੀਆ ਦੀ ਰਾਜਧਾਨੀ ਲੁਸਾਕਾ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਇਕ ਸਕੀਮ ਆਫ ਅਰੇਂਜਮੈਂਟ ਨੂੰ ਮਨਜ਼ੂਰੀ ਦੇ ਦਿੱਤੀ। ਕੋਂਕੋਲਾ ਕਾਪਰ ਮਾਈਨਸ ਪੀ. ਐੱਲ. ਸੀ. ਦੇ ਲੈਣਦਾਰਾਂ ਨੇ ਵੀ ਇਸ ਦਾ ਸਪੋਰਟ ਕੀਤਾ ਹੈ। ਇਸ ਦੱਖਣ ਅਫਰੀਕੀ ਦੇਸ਼ ਦੇ ਖਾਨ ਮੰਤਰੀ ਪਾਲ ਕਾਬੁਸਵੇ ਨੇ ਫੇਸਬੁਕ ’ਤੇ ਇਹ ਜਾਣਕਾਰੀ ਦਿੱਤੀ।
ਵੇਦਾਂਤਾ ਸਾਲ 2019 ਤੋਂ ਹੀ ਇਸ ਏਸੈੱਟ ਨੂੰ ਫਿਰ ਹਾਸਲ ਕਰਨ ਦੀ ਕੋਸ਼ਿਸ਼ ’ਚ ਲੱਗੀ ਹੈ। ਪਿੱਛਲੀ ਸਰਕਾਰ ਨੇ ਇਸ ਖਾਨ ਦੇ ਮਾਲਿਕ ’ਤੇ ਵਿਸਥਾਰ ਯੋਜਨਾਵਾਂ ਦੇ ਬਾਰੇ ’ਚ ਝੂਠ ਬੋਲਣ ਅਤੇ ਬਹੁਤ ਘੱਟ ਟੈਕਸ ਦੇਣ ਦਾ ਦੋਸ਼ ਲਾਉਂਦੇ ਹੋਏ ਇਸ ਨੂੰ ਪ੍ਰੋਵਿਜ਼ਨਲ ਲਿਕਵਿਡੇਸ਼ਨ ’ਚ ਪਾ ਦਿੱਤਾ ਸੀ।
ਕੰਪਨੀ ਨੂੰ ਜਾਰੀ ਕਰਨੇ ਹੋਣਗੇ 250 ਮਿਲੀਅਨ ਡਾਲਰ
ਖਾਨ ਨੂੰ ਫਿਰ ਤੋਂ ਹਾਸਲ ਕਰਨ ਲਈ ਵੇਦਾਂਤਾ ਨੂੰ ਹੁਣ ਠੇਕੇਦਾਰਾਂ ਅਤੇ ਸਪਲਾਈਕਰਤਾਵਾਂ ਦਾ ਕਰਜ਼ਾ ਚੁਕਾਉਣ ਲਈ 250 ਮਿਲੀਅਨ ਡਾਲਰ ਜਾਰੀ ਕਰਨੇ ਹੋਣਗੇ। ਵੇਦਾਂਤਾ ਦਾ ਕਹਿਣਾ ਹੈ ਕਿ ਉਹ ਭੁਗਤਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਨੇ ਨਾਲ ਹੀ ਖਾਨ ਦੀ ਵਿਸਥਾਰ ਯੋਜਨਾਵਾਂ ਨੂੰ ਪੂਰਾ ਕਰਨ ਲਈ ਅਗਲੇ 5 ਸਾਲਾਂ ’ਚ 1 ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਵੀ ਵਚਨਬੱਧਤਾ ਜਤਾਈ ਹੈ।
ਕਾਪਰ ਦੀ ਕੀਮਤ ਰਿਕਾਰਡ ਪੱਧਰ ਤੱਕ ਪਹੁੰਚੀ
ਕੋਂਕੋਲਾ ਖਾਨ ਦੀ ਸਾਲਾਨਾ ਉਤਪਾਦਨ ਸਮਰੱਥਾ 3,00,000 ਟਨ ਹੈ। ਪਿਛਲੇ ਮਹੀਨੇ ਦੁਨੀਆ ’ਚ ਕਾਪਰ ਦੀ ਕੀਮਤ ਰਿਕਾਰਡ ਪੱਧਰ ਤੱਕ ਪਹੁੰਚ ਗਈ ਸੀ। ਇਹ ਧਾਤੂ ਐਨਰਜੀ ਟਰਾਂਜ਼ਿਸ਼ਨ ਲਈ ਅਹਿਮ ਹੈ।
ਇਸ ਖਾਨ ਦਾ ਮੁੱਖ ਆਪ੍ਰੇਸ਼ਨ ਕੋਂਕੋਲਾ ਡੀਪ ਜ਼ਮੀਨ ਦੇ ਅੰਦਰ ਇਕ ਮੀਲ ਤੱਕ ਫੈਲਿਆ ਹੋਇਆ ਹੈ। ਇਹ ਦੁਨੀਆ ਦੀਆਂ ਸਭ ਤੋਂ ਗਿੱਲੀਆਂ ਖਾਨਾਂ ’ਚੋਂ ਇਕ ਹੈ। ਇਸ ਨੂੰ ਚਾਲੂ ਕਰਨ ਲਈ ਰੋਜ਼ਾਨਾ 140 ਓਲੰਪਿਕ ਸਾਈਜ਼ ਦੇ ਸਵਿਮਿੰਗ ਪੂਲ ਦੇ ਬਰਾਬਰ ਪਾਣੀ ਨੂੰ ਸਤ੍ਹਾ ’ਤੇ ਪੰਪ ਕਰਨ ਦੀ ਲੋੜ ਹੁੰਦੀ ਹੈ।