ਟਰੰਪ ਨੇ ਚੀਨ 'ਚ ਜ਼ਬਰਦਸਤੀ ਬਣਵਾਏ ਜਾ ਰਹੇ ਸਾਮਾਨਾਂ ਦੀ ਦਰਾਮਦ ਰੋਕੀ
Tuesday, Sep 15, 2020 - 10:55 PM (IST)
ਵਾਸ਼ਿੰਗਟਨ— ਟਰੰਪ ਸਰਕਾਰ ਨੇ ਚੀਨ ਤੋਂ ਕੰਪਿਊਟਰ ਸਾਜੋ-ਸਾਮਾਨਾਂ ਅਤੇ ਕਪਾਹ ਸਮੇਤ ਪੰਜ ਉਤਪਾਦਾਂ ਦੀ ਦਰਾਮਦ 'ਤੇ ਰੋਕ ਲਾ ਦਿੱਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਉਤਪਾਦਨ ਚੀਨ 'ਚ ਮੁਸਲਿਮ ਬਹੁਲ ਸ਼ਿਨਜਿਯਾਂਗ ਸੂਬੇ 'ਚ ਜ਼ਬਰਨ ਮਜ਼ਦੂਰੀ ਕੈਂਪਾਂ 'ਚ ਕਰਾਇਆ ਜਾਂਦਾ ਹੈ।
ਪਹਿਲਾਂ ਤੋਂ ਇਕ-ਦੂਜੇ ਨਾਲ ਖਹਿ ਰਹੇ ਅਮਰੀਕਾ ਅਤੇ ਚੀਨ ਦੇ ਰਿਸ਼ਤਿਆਂ ਵਿਚਕਾਰ ਕੋਵਿਡ-19 ਸੰਕਟ ਤੋਂ ਬਾਅਦ ਖਟਾਸ ਹੋਰ ਵੱਧ ਗਈ ਹੈ।
ਸੋਮਵਾਰ ਨੂੰ ਅਮਰੀਕਾ ਦੇ ਗ੍ਰਹਿ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਕਪਾਹ, ਵਸਤਰ, ਕੰਪਿਊਟਰ ਸਾਜੋ-ਸਾਮਾਨ ਅਤੇ ਵਾਲਾਂ ਦੇ ਉਤਪਾਦ ਵਰਗੇ ਸਾਮਾਨਾਂ ਦੀ ਦਰਾਮਦ ਨੂੰ ਰੋਕਿਆ ਜਾਂਦਾ ਹੈ। ਪੰਜਵਾਂ ਸਾਮਾਨ ਜਿਸ 'ਤੇ ਅਮਰੀਕਾ ਨੇ ਰੋਕ ਲਾਈ ਹੈ, ਉਹ ਸ਼ਿਨਜਿਯਾਂਗ ਸੂਬੇ ਸਥਿਤ ਲੋਪ ਕਾਊਂਟੀ ਨੰਬਰ-4 ਵਪਾਰਕ ਕੌਸ਼ਲ ਸਿੱਖਿਆ ਤੇ ਸਿਖਲਾਈ ਕੇਂਦਰ ਦੇ ਮਜ਼ਦੂਰਾਂ ਵੱਲੋਂ ਬਣਾਏ ਜਾਂਦੇ ਸਾਰੇ ਸਾਮਾਨ ਸ਼ਾਮਲ ਹਨ। ਬਿਆਨ ਮੁਤਾਬਕ, ਇਹ ਸਾਰੇ ਸਾਮਾਨ ਉਈਗਰ ਖੇਤਰ 'ਚ ਚੀਨੀ ਸਰਕਾਰ ਵੱਲੋਂ ਜ਼ੋਰ ਜ਼ਬਰਦਸਤੀ ਕੰਮ ਕਰਾ ਕੇ ਤਿਆਰ ਕਰਾਏ ਗਏ ਹਨ। ਚੀਨ ਦੀ ਸਰਕਾਰ ਇਸ ਖੇਤਰ 'ਚ ਲੰਮੇ ਸਮੇਂ ਤੋਂ ਉਈਗਰ, ਹੋਰ ਨਸਲ ਤੇ ਧਾਰਮਿਕ ਘੱਟ ਗਿਣਤੀ ਦੇ ਲੋਕਾਂ ਖ਼ਿਲਾਫ ਮਨੁੱਖੀ ਅਧਿਕਾਰਾਂ ਦੇ ਉਲੰਘਣ 'ਚ ਲੱਗੀ ਹੋਈ ਹੈ। ਸੰਯੁਕਤ ਰਾਜ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਕਿ ਟਰੰਪ ਸਰਕਾਰ ਨੇ ਸ਼ਿਨਜਿਯਾਂਗ ਸੂਬੇ 'ਚ ਚੀਨ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਵੱਲ ਵਿਸ਼ਵ ਭਰ ਦਾ ਧਿਆਨ ਖਿੱਚਿਆ ਹੈ।