ਭਾਰਤ ਨੂੰ US ਤੋਂ ਮਿਲੇਗੀ ਵੱਡੀ ਰਾਹਤ, ਈਰਾਨ ਤੋਂ ਇੰਪੋਰਟ ਕਰ ਸਕੇਗਾ 'ਪੈਟਰੋਲ'

Thursday, Nov 01, 2018 - 12:50 PM (IST)

ਨਵੀਂ ਦਿੱਲੀ— ਭਾਰਤ, ਜਾਪਾਨ ਅਤੇ ਦੱਖਣੀ ਕੋਰੀਆ ਸਮੇਤ ਅੱਠ ਦੇਸ਼ਾਂ ਨੂੰ ਈਰਾਨ ਤੋਂ ਤੇਲ ਆਯਾਤ ਕਰਨ ਦੀ ਮਨਜ਼ੂਰੀ ਦੇਣ ਦੇ ਲਈ ਅਮਰੀਕਾ ਤਿਆਰ ਹੋ ਗਿਆ ਹੈ। ਇਹ ਜਾਣਕਾਰੀ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਅਮਰੀਕਾ ਨੇ ਛੋਟ ਦੇਣ 'ਤੇ ਸਹਿਮਤੀ ਉਦੋਂ ਜਤਾਈ ਹੈ ਜਦੋਂ ਭਾਰਤ ਨੇ ਕਿਹਾ ਹੈ ਕਿ ਉਹ 2018-19 'ਚ ਈਰਾਨ ਤੋਂ ਤੇਲ ਇੰਪੋਰਟ 'ਚ ਇਕ-ਤਿਹਾਈ ਦੀ ਕਟੌਤੀ ਕਰੇਗਾ। 2017-18 'ਚ ਭਾਰਤ ਨੇ ਈਰਾਨ ਤੋਂ 2.2 ਕਰੋੜ ਟਨ ਕੱਚਾ ਤੇਲ ਖਰੀਦਿਆ ਸੀ, ਜਦੋਂ ਕਿ 2018-19 'ਚ ਉਹ ਈਰਾਨ ਤੋਂ ਤਕਰੀਬਨ 1.4-1.5 ਕਰੋੜ ਟਨ ਤੇਲ ਇੰਪੋਰਟ ਕਰੇਗਾ।

4 ਨਵੰਬਰ 2018 ਤੋਂ ਈਰਾਨ 'ਤੇ ਅਮਰੀਕੀ ਪਾਬੰਦੀ ਲਾਗੂ ਹੋ ਜਾਵੇਗੀ ਅਤੇ ਜੇਕਰ ਕੋਈ ਵੀ ਦੇਸ਼ ਜਾਂ ਕੰਪਨੀ ਯੂ. ਐੱਸ. ਦੀ ਮਨਜ਼ੂਰੀ ਬਿਨਾਂ ਈਰਾਨ ਨਾਲ ਵਪਾਰ ਕਰੇਗਾ ਤਾਂ ਉਸ ਨੂੰ ਅਮਰੀਕੀ ਫਾਈਨੈਂਸ਼ਲ ਸਿਸਟਮ ਤੋਂ ਬਾਹਰ ਕਰ ਦਿੱਤਾ ਜਾਵੇਗਾ। ਅਮਰੀਕੀ ਬੈਂਕਿੰਗ ਸਿਸਟਮ ਅਤੇ ਫਾਈਨੈਂਸ਼ਲ ਸਿਸਟਮ ਤੋਂ ਬਾਹਰ ਹੋਣ ਦਾ ਮਤਲਬ ਹੈ ਕਿ ਅਜਿਹੇ ਦੇਸ਼ ਜਾਂ ਕੰਪਨੀ ਨੂੰ ਬਾਕੀ ਦੇਸ਼ਾਂ ਨਾਲ ਡਾਲਰ 'ਚ ਵਪਾਰ ਕਰਨ 'ਚ ਮੁਸ਼ਕਿਲ ਹੋਵੇਗੀ।
ਅਮਰੀਕਾ ਨੇ ਹਰ ਦੇਸ਼ ਨੂੰ ਈਰਾਨ ਤੋਂ ਤੇਲ ਦੀ ਦਰਾਮਦ ਘਟਾ ਕੇ ਜ਼ੀਰੋ ਕਰਨ ਨੂੰ ਕਿਹਾ ਹੋਇਆ ਹੈ ਪਰ ਨਾਲ ਹੀ ਇਹ ਵੀ ਕਿਹਾ ਸੀ ਕਿ ਕੋਈ ਖਾਸ ਦੇਸ਼ ਜੇਕਰ ਦਰਾਮਦ 'ਚ ਕਟੌਤੀ ਕਰਨ ਦਾ ਫੈਸਲਾ ਕਰੇਗਾ ਤਾਂ ਉਸ ਨੂੰ ਈਰਾਨ ਤੋਂ ਸੀਮਤ ਦਰਾਮਦ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ।

ਟਰੰਪ ਨੇ ਕਿਉਂ ਲਗਾਈ ਈਰਾਨ 'ਤੇ ਪਾਬੰਦੀ?
ਇਸ ਸਾਲ ਮਈ 'ਚ ਟਰੰਪ ਨੇ ਈਰਾਨ ਨਾਲ ਪ੍ਰਮਾਣੂ ਸਮਝੌਤੇ ਨੂੰ ਖਤਮ ਕਰਨ ਦਾ ਐਲਾਨ ਕੀਤਾ। ਇਹ ਪ੍ਰਮਾਣੂ ਸਮਝੌਤਾ ਜੁਲਾਈ 2015 'ਚ ਬਰਾਕ ਓਬਾਮਾ ਦੇ ਰਾਸ਼ਟਰਪਤੀ ਰਹਿਣ ਦੌਰਾਨ ਅਮਰੀਕਾ, ਬ੍ਰਿਟੇਨ, ਰੂਸ, ਚੀਨ, ਫਰਾਂਸ ਅਤੇ ਜਰਮਨੀ ਨੇ ਮਿਲ ਕੇ ਈਰਾਨ ਨਾਲ ਕੀਤਾ ਸੀ। ਸਮਝੌਤੇ ਮੁਤਾਬਕ ਈਰਾਨ ਨੂੰ ਆਪਣੇ ਯੂਰੇਨੀਅਮ ਭੰਡਾਰ ਦਾ 98 ਫੀਸਦੀ ਹਿੱਸਾ ਨਸ਼ਟ ਕਰਨਾ ਸੀ ਅਤੇ ਪ੍ਰਮਾਣੂ ਪਲਾਂਟਾਂ ਨੂੰ ਨਿਗਰਾਨੀ ਲਈ ਖੋਲ੍ਹਣਾ ਸੀ, ਜਿਸ ਦੇ ਬਦਲੇ ਉਸ ਸਮੇਂ ਉਸ 'ਤੇ ਲੱਗੀਆਂ ਪਾਬੰਦੀਆਂ 'ਚ ਢਿੱਲ ਦਿੱਤੀ ਗਈ ਸੀ। ਟਰੰਪ ਦਾ ਕਹਿਣਾ ਹੈ ਕਿ ਈਰਾਨ ਨੇ ਦੁਨੀਆ ਤੋਂ ਲੁਕਾ ਕੇ ਆਪਣੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਈਰਾਨ ਪ੍ਰਮਾਣੂ ਸਮਝੌਤੇ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਅਤੇ ਪ੍ਰਮਾਣੂ ਸਮੱਗਰੀ ਦਾ ਇਸਤੇਮਾਲ ਹਥਿਆਰ ਬਣਾਉਣ 'ਚ ਕਰ ਰਿਹਾ ਹੈ, ਜੋ ਕਿ ਦੁਨੀਆ ਲਈ ਖਤਰਾ ਹਨ। ਇੰਨਾ ਹੀ ਨਹੀਂ ਟਰੰਪ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਈਰਾਨ ਪ੍ਰਮਾਣੂ ਬੈਲਿਸਟਿਕ ਮਿਜ਼ਾਇਲਾਂ ਬਣਾ ਰਿਹਾ ਹੈ ਅਤੇ ਸੀਰੀਆ, ਯਮਨ ਤੇ ਇਰਾਕ 'ਚ ਸ਼ੀਆ ਲੜਾਕਿਆਂ ਅਤੇ ਹਿਜਬੁਲਹ ਵਰਗੇ ਸੰਗਠਨਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਦੇ ਕਦਮ ਗਲਤ ਹਨ ਇਸ ਲਈ ਅਮਰੀਕਾ ਈਰਾਨ ਨਾਲ ਹੋਏ ਸਮਝੌਤੇ ਤੋਂ ਪਿੱਛੇ ਹਟਦੇ ਹੋਏ ਆਰਥਿਕ ਪਾਬੰਦੀਆਂ ਲਾਉਣ ਜਾ ਰਿਹਾ ਹੈ।


Related News